ਭੜਕੇ ਬ੍ਰਾਹਮਣਾਂ ਨੇ ਸੜਕ ਕੀਤੀ ਜਾਮ, ਹੋਈ ਪੱਥਰਬਾਜ਼ੀ
ਹਰਿਆਣਾ ਦੇ ਕੁਰੂਕਸ਼ੇਤਰ ਦੇ ਕੇਸ਼ਵ ਪਾਰਕ ਵਿਚ ਹੋ ਰਹੇ ਮਹਾਯੱਗ ਵਿਚ ਸ਼ਾਮਲ ਹੋਣ ਲਈ ਆਏ ਬ੍ਰਾਹਮਣਾਂ ’ਤੇ ਬਾਊਂਸਰਾਂ ਨੇ ਫਾਇਰਿੰਗ ਕਰ ਦਿੱਤੀ, ਇਸ ਕਾਰਨ ਇਕ ਬ੍ਰਾਹਮਣ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਐੱਲ. ਐੱਨ. ਜੇ. ਪੀ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਤੋਂ ਨਾਰਾਜ਼ ਬ੍ਰਾਹਮਣਾਂ ਨੇ ਥੀਮ ਪਾਰਕ ਦੇ ਸਾਹਮਣੇ ਸੜਕ ਜਾਮ ਕਰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ।
ਬ੍ਰਾਹਮਣਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਬਾਸੀ ਖਾਣਾ ਦਿੱਤਾ ਜਾ ਰਿਹਾ ਸੀ। ਉਹ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਸੀ। ਬੀਤੇ ਦਿਨ ਸਵੇਰੇ 9:30 ਵਜੇ ਇਸ ਮੁੱਦੇ ’ਤੇ ਉਨ੍ਹਾਂ ਦਾ ਝਗੜਾ ਹੋ ਗਿਆ। ਇਸ ਵਾਰ ਯੱਗ ਪ੍ਰਬੰਧਕ ਦੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ। ਇਸ ਵਿਚ ਲਖਨਊ ਤੋਂ ਆਏ ਆਸ਼ੀਸ਼ ਤਿਵਾੜੀ ਨੂੰ ਗੋਲੀ ਲੱਗ ਗਈ।
ਇਸ ਘਟਨਾ ਤੋਂ ਭੜਕੇ ਬ੍ਰਾਹਮਣਾਂ ਨੇ ਥੀਮ ਪਾਰਕ ਦੇ ਸਾਹਮਣੇ ਸੜਕ ਜਾਮ ਕਰ ਦਿੱਤੀ ਅਤੇ ਪੱਥਰਬਾਜ਼ੀ ਵੀ ਹੋਈ। ਸੜਕ ਕਿਨਾਰੇ ਲਗਾਏ ਗਏ ਬੈਨਰਾਂ ਅਤੇ ਪੋਸਟਰਾਂ ਨੂੰ ਡੰਡਿਆਂ ਨਾਲ ਮਾਰ ਕੇ ਪਾੜ ਦਿੱਤਾ ਗਿਆ। ਸੂਚਨਾ ਮਿਲਣ ’ਤੇ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੰਦੋਲਨਕਾਰੀ ਬ੍ਰਾਹਮਣਾਂ ਨੂੰ ਭਜਾ ਦਿੱਤਾ ਪਰ ਵੱਡੀ ਗਿਣਤੀ ਵਿਚ ਬ੍ਰਾਹਮਣ ਅਜੇ ਵੀ ਸੜਕਾਂ ’ਤੇ ਇਕੱਠੇ ਹਨ। ਉਹ ਬਾਊਂਸਰਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ। ਬ੍ਰਾਹਮਣਾਂ ਦਾ ਦੋਸ਼ ਹੈ ਕਿ ਪਹਿਲੇ ਦਿਨ ਤੋਂ ਹੀ ਬਾਬਾ ਦੇ ਸੁਰੱਖਿਆ ਗਾਰਡ (ਬਾਊਂਸਰ) ਉਨ੍ਹਾਂ ਨੂੰ ਕਿਸੇ ਨਾ ਕਿਸੇ ਗੱਲ ਲਈ ਪ੍ਰੇਸ਼ਾਨ ਕਰ ਰਹੇ ਸਨ। ਉਹ ਕਿਸੇ ਵੀ ਸਮੇਂ ਕਿਸੇ ਨੂੰ ਵੀ ਕੁੱਟ ਸਕਦੇ ਸੀ। ਜੇ ਕੋਈ ਘੁੰਮਦਾ-ਫਿਰਦਾ ਦਿਖਾਈ ਦਿੰਦਾ ਸੀ, ਤਾਂ ਉਸ ਨੂੰ ਥੱਪੜ ਮਾਰਿਆ ਜਾਂਦਾ ਸੀ ਜਾਂ ਡੰਡੇ ਨਾਲ ਕੁੱਟਿਆ ਜਾਂਦਾ ਸੀ।
ਗੁੱਸੇ ’ਚ ਆਏ ਬ੍ਰਾਹਮਣਾਂ ਨੇ ਪਾਰਕ ਦੇ ਸਾਹਮਣੇ ਵਾਲੀ ਸੜਕ ‘ਤੇ ਵਿਰੋਧ ਕੀਤਾ ਅਤੇ ਯੱਗਸ਼ਾਲਾ ਦਾ ਦਰਵਾਜ਼ਾ ਵੀ ਤੋੜ ਦਿੱਤਾ। ਇਸ ਤੋਂ ਇਲਾਵਾ ਉੱਥੋਂ ਲੰਘਣ ਵਾਲੀਆਂ ਬੱਸਾਂ ਵਰਗੇ ਯਾਤਰੀ ਵਾਹਨਾਂ ਨੂੰ ਵੀ ਰੋਕ ਦਿੱਤਾ ਗਿਆ। ਕੁਝ ਡਰਾਈਵਰਾਂ ਨੇ ਜਾਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਡੰਡੇ ਦਿਖਾ ਕੇ ਵਾਪਸ ਮੋੜ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਇਹ ਮਹਾਯੱਗ 18 ਮਾਰਚ ਤੋਂ ਚੱਲ ਰਿਹਾ ਹੈ, ਜਿਸ ਵਿਚ 1500 ਤੋਂ ਵੱਧ ਬ੍ਰਾਹਮਣਾਂ ਨੂੰ ਸੱਦਾ ਦਿੱਤਾ ਗਿਆ ਸੀ, ਤੁਹਾਨੂੰ ਦਸ ਦਈਏ ਕਿ 18 ਮਾਰਚ ਤੋਂ ਕੇਸ਼ਵ ਪਾਰਕ ਵਿਚ 1008 ਕੁੰਡੀਆ ਸ਼ਿਵ-ਸ਼ਕਤੀ ਮਹਾਯੱਗ ਸ਼ੁਰੂ ਕੀਤਾ ਗਿਆ ਸੀ। ਇਸ ’ਚ ਦੇਸ਼ ਭਰ ਤੋਂ 1,500 ਤੋਂ ਵੱਧ ਬ੍ਰਾਹਮਣਾਂ ਨੂੰ ਬੁਲਾਇਆ ਗਿਆ ਸੀ। ਯੱਗ ਦੇ ਪ੍ਰਬੰਧਕਾਂ ਨੇ ਇਨ੍ਹਾਂ ਬ੍ਰਾਹਮਣਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ।
