ਅੱਜ ਨਹੀਂ ਚੜ੍ਹੀ ਦੋਵੇਂ ਕਿਸਾਨ ਸੰਗਠਨਾਂ ਦੀ ਮੀਟਿੰਗ ਸਿਰੇ
ਪਟਿਆਲਾ, 21 ਦਸੰਬਰ – ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਗੰਭੀਰ ਹੋ ਚੁੱਕੀ ਹੈ, ਜਿਸ ਦੇ ਚਲਦਿਆਂ ਅੱਜ ਪੰਜਾਬ ਸਰਕਾਰ ਨੇ ਮੋਰਚੇ ਦੇ ਦੁਆਲੇ ਪੈਦੀਆਂ ਸੜਕਾਂ ’ਤੇ ਭਾਰੀ ਤੇ ਮਜ਼ਬੂਤ ਬੈਰੀਕੇਟਿੰਗ ਕਰ ਦਿੱਤੀ ਹੈ। ਲੱਗਦਾ ਹੈ ਕਿ ਆਉਣ ਵਾਲੇ ਕਿਸੇ ਵੀ ਸਮੇਂ ਡੱਲੇਵਾਲ ਨੂੰ ਚੁੱਕ ਕੇ ਹਸਪਤਾਲ ਦਾਖਲ ਕਰਵਾਉਣ ਦੀ ਕਾਰਵਾਈ ਹੋ ਸਕਦੀ ਹੈ। ਬੈਰੀਕੇਡਿੰਗ ਦੇ ਨਾਲ-ਨਾਲ ਪੁਲਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੀ ਸੁਰੱਖਿਆ ਵੀ ਵਧਾਈ ਜਾ ਰਹੀ ਹੈ।
ਭਾਰੀ ਬੈਰੀਕੇਡਿੰਗ ਨੂੰ ਦੇਖਦਿਆਂ ਦੂਸਰੇ ਪਾਸੇ ਕਿਸਾਨਾਂ ਨੇ ਡੱਲੇਵਾਲ ਦਾ ਸੁਰੱਖਿਆ ਘੇਰਾ ਹੋਰ ਮਜ਼ਬੂਤ ਕਰ ਦਿੱਤਾ ਹੈ। ਇਸ ਸਮੇਂ ਡੱਲੇਵਾਲ ਕਿਸਾਨਾਂ ਦੀਆਂ 3 ਮਜ਼ਬੂਤ ਸੁਰੱਖਿਆ ਲੇਅਰਾਂ ਦੇ ਅੰਦਰ ਮਰਨ ਵਰਤ ’ਤੇ ਬੈਠੇ ਹਨ। ਇਸ ਲਈ ਜੇਕਰ ਪੁਲਸ ਪ੍ਰਸ਼ਾਸਨ ਨੇ ਡੱਲੇਵਾਲ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਤੇ ਪੁਲਸ ਵਿਚਕਾਰ ਵੱਡੀ ਝੜਪ ਹੋ ਸਕਦੀ ਹੈ।
ਉੱਧਰੋਂ ਅੱਜ ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਦੇਸ਼ ’ਚ ਕਿਸਾਨਾਂ ਦੀ ਜਿੰਦਗੀ ਸਸਤੀ ਹੋ ਗਈ ਹੈ? ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਇਹ ਦੇਖ ਰਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਕਿੰਨੀ ਅਸੰਵੇਦਨਸ਼ੀਲ ਦਿਖਾਈ ਦੇ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੁਲਸ ਦੀ ਹਿੰਸਕ ਕਾਰਵਾਈ ਕਾਰਨ ਕਿਸੇ ਕਿਸਾਨ ਦੇ ਖੂਨ ਦੀ ਇਕ ਬੂੰਦ ਵੀ ਵਹਾਈ ਜਾਂਦੀ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰ ਸਰਕਾਰ ਅਤੇ ਸੰਵਿਧਾਨਕ ਸੰਸਥਾਵਾਂ ਦੀ ਹੋਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਸ਼ਹੀਦੀ ਹਫਤਾ ਚੱਲ ਰਿਹਾ ਹੈ ਅਤੇ ਮਨੁੱਖਤਾ ਲਈ ਕੁਰਬਾਨੀਆਂ ਦੇਣ ਵਾਲੇ ਗੁਰੂਆਂ ਦੇ ਦਿਖਾਏ ਰਾਹ ਉੱਪਰ ਚੱਲਣ ਦੀ ਉਹ ਕੋਸ਼ਿਸ਼ ਕਰ ਰਹੇ ਹਨ।
ਕਿਸਾਨ ਆਗੂਆਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਕਿਸਾਨ ਮੋਰਚੇ ਦੀ ਮਜ਼ਬੂਤੀ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਉੱਪਰ ਅਰਦਾਸਾਂ ਕੀਤੀਆਂ ਗਈਆਂ ਸਨ, ਉਸੇ ਤਰ੍ਹਾਂ ਹੁਣ ਸ਼ਹੀਦੀ ਹਫਤੇ ਦੌਰਾਨ ਸਾਰੇ ਵੱਡੇ ਮੰਚਾਂ (ਸਟੇਜਾਂ) ਇਕੱਠਾ ਉੱਪਰੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਲਈ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ।
