ਵਾਲ-ਵਾਲ ਬਚੇ ਤਿੰਨ ਕਾਰ ਸਵਾਰ ਨੌਜਵਾਨ
ਗੁਰਦਾਸਪੁਰ : ਅੱਜ ਸਵੇਰੇ ਕਰੀਬ 8:35 ਵਜੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਗੁਰਦਾਸਪੁਰ ਦੇ ਬਾਹਰਵਾਰ ਬੱਬਰੀ ਬਾਈਪਾਸ ਚੌਕ ’ਚ ਕਿੰਨੂਆਂ ਨਾਲ ਭਰਿਆ ਟਰੱਕ ਇਕ ਕਾਰ ਉੱਪਰ ਪਲਟ ਗਿਆ, ਜਿਸ ਦੌਰਾਨ ਕਾਰ ’ਚ ਸਵਾਰ ਤਿੰਨ ਨੌਜਵਾਨ ਵਾਲ-ਵਾਲ ਬਚੇ, ਜਦੋਂ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਉਥੇ ਹੀ ਟਰੱਕ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਹਨ, ਜਿਸ ਨੂੰ ਪੁਲਸ ਵੱਲੋਂ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਟਰੱਕ ਪਲਟਣ ਤੋਂ ਬਾਅਦ ਟਰੱਕ ’ਚ ਲੋਡ ਕਿੰਨੂ ਵੀ ਸੜਕ ’ਤੇ ਖਿੱਲਰ ਗਏ।
ਜਾਣਕਾਰੀ ਦਿੰਦਿਆ ਕਾਰ ਸਵਾਰ ਰਣਜੀਤ ਸਿੰਘ ਵਾਸੀ ਪਿੰਡ ਘੁਰਾਲਾ ਨੇ ਦੱਸਿਆ ਕਿ ਘਰ ’ਚ ਉਸਦੇ ਸਮੇਤ ਤਿੰਨ ਨੌਜਵਾਨ ਸਵਾਰ ਸਨ, ਜੋ ਬਟਾਲਾ ਰੋਡ ਵਾਲੀ ਸਾਈਡ ਤੋਂ ਜਿਮ ਤੋਂ ਆ ਰਹੇ ਸਨ। ਜਦੋਂ ਉਹ ਬਬਰੀ ਬਾਈਪਾਸ ਚੌਕ ’ਚ ਪਹੁੰਚੇ ਤਾਂ ਇਸ ਦੌਰਾਨ ਪਿੱਛੋਂ ਆ ਰਹੇ ਕਿੰਨੂਆਂ ਨਾਲ ਭਰੇ ਹੋਏ ਟਰੱਕ ਦਾ ਸੰਤੁਲਨ ਅਚਾਨਕ ਵਿਗੜ ਗਿਆ ਅਤੇ ਉਹ ਪਲਟ ਕੇ ਉਨ੍ਹਾਂ ਦੀ ਕਾਰ ’ਤੇ ਡਿੱਗਿਆ ਅਤੇ ਉਹ ਕਾਰ ਸਵਾਰ ਵਾਲ-ਵਾਲ ਬਚ ਗਏ। ਹਾਲਾਂਕਿ ਹਾਦਸੇ ’ਚ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ ਹੈ।
ਮੌਕੇ ’ਤੇ ਮੌਜੂਦ ਏ. ਐੱਸ. ਆਈ. ਸਤਵਿੰਦਰ ਮਸੀਹ ਨੇ ਦੱਸਿਆ ਕਿ ਉਹ ਬੱਬਰੀ ਨਾਕੇ ’ਤੇ ਤਾਇਨਾਤ ਹਨ ਤੇ ਸਵੇਰੇ ਕਰੀਬ 8:35 ਮਿੰਟ ’ਤੇ ਇਕ ਕਾਰ ਜਾ ਰਹੀ ਸੀ, ਜਿਸ ਦੇ ਪਿੱਛੇ ਇਕ ਕਿੰਨੂਆ ਨਾਲ ਭਰਿਆ ਟਰੱਕ ਜਾ ਰਿਹਾ ਸੀ। ਇਸ ਦੌਰਾਨ ਜਦੋਂ ਚੌਕ ’ਚ ਟਰੱਕ ਡਰਾਈਵਰ ਟਰੱਕ ਮੋੜਨ ਲੱਗਾ ਤਾਂ ਟਰੱਕ ਦੇ ਸੰਤੁਲਨ ਵਿਗੜ ਗਿਆ ਅਤੇ ਉਹ ਕਾਰ ’ਤੇ ਪਲਟ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੋਈ ਵੀ ਮਾਲੀ ਨੁਕਸਾਨ ਨਹੀਂ ਹੋਇਆ ਜਦੋਂ ਕਿ ਟਰੱਕ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
