ਕਣਕ ਦੇ ਖੇਤਾਂ ਵਿਚ ਆਉਣ ਵਾਲੀਆਂ ਸਮੱਸਿਆਵਾਂ ਦੇ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੂਕ

ਪਿੰਡ ਰਾਏ ਸਿੰਘ ਵਾਲਾ ਅਤੇ ਹਰਕਿਸ਼ਨਪੁਰਾ ‘ਚ ਲਾਏ ਜਾਗਰੂਕਤਾ ਕੈਂਪ

ਸੰਗਰੂਰ : ਪੀਏਯੂ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਫਰਵਰੀ ਮਹੀਨੇ ਦੌਰਾਨ ਕਣਕ ਦੇ ਖੇਤਾਂ ਵਿਚ ਆਉਣ ਵਾਲੀਆਂ ਸਮੱਸਿਆਵਾਂ ਦੇ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਰਾਏ ਸਿੰਘ ਵਾਲਾ ਅਤੇ ਹਰਕਿਸ਼ਨਪੁਰਾ ਵਿਖੇ ਦੋ ਜਾਗਰੂਕਤਾ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਦਾ ਉਦੇਸ਼ ਫਸਲ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਦਾ ਪ੍ਰਸਾਰ ਕਰਨਾ ਸੀ।
ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਖੁਰਾਕੀ ਤੱਤਾਂ ਜਿਵੇਂ ਕਿ ਮੈਂਗਨੀਜ਼ ਅਤੇ ਜ਼ਿੰਕ ਦੀ ਕਮੀ ਦੇ ਲੱਛਣਾਂ ਦੀ ਪਛਾਣ ਕਰਨ ਅਤੇ ਇਲਾਜ ਤੇ ਚਰਚਾ ਕੀਤੀ।
ਉਹਨਾਂ ਨੇ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਅਤੇ ਮਿੱਟੀ ਦੇ ਨਮੂਨੇ ਲੈਣ, ਪ੍ਰਭਾਵਸ਼ਾਲੀ ਨਦੀਨਨਾਸ਼ਕਾਂ ਦੀ ਵਰਤੋਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਕਣਕ ਵਿੱਚ ਬੋਰਾਨ, ਮੈਗਨੀਸ਼ੀਅਮ ਅਤੇ ਨੈਨੋ-ਯੂਰੀਆ ਦੀ ਵਰਤੋਂ ਵਰਗੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ।
ਉਨ੍ਹਾਂ ਕਿਸਾਨਾਂ ਨੂੰ ਸਿਹਤਮੰਦ ਪਰਿਵਾਰਕ ਜੀਵਨ ਲਈ ਆਪਣੇ ਹੀ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਉਗਾਉਣ ਦੀ ਵੀ ਅਪੀਲ ਕੀਤੀ।
ਕੈਂਪਾਂ ਦੌਰਾਨ ਪੀਏਯੂ ਦੀਆਂ ਗਰਮੀਆਂ ਦੀਆਂ ਸਬਜ਼ੀਆਂ ਦੇ ਬੀਜ ਦੀਆਂ ਕਿੱਟਾਂ ਦਾ ਪ੍ਰਚਾਰ ਵੀ ਕੀਤਾ ਗਿਆ। ਕੈਂਪ ਦੌਰਾਨ ਰਾਏ ਸਿੰਘ ਵਾਲਾ ਤੋਂ ਜਗਮੇਲ ਸਿੰਘ (ਸਰਪੰਚ) ਅਤੇ ਗੁਰਜੀਵਨ ਸਿੰਘ ਅਤੇ ਹੋਰ ਹਾਜ਼ਰ ਸਨ।ਇਸੇ ਤਰ੍ਹਾਂ ਪਿੰਡ ਹਰਕਿਸ਼ਨਪੁਰਾ ਤੋਂ ਗੁਰਤੇਜ ਸਿੰਘ (ਸਰਪੰਚ), ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨਾਂ ਨੇ ਕੈਂਪ ਵਿੱਚ ਸ਼ਿਰਕਤ ਕੀਤੀ। ਕੈਂਪ ਦੌਰਾਨ ਧਾਤਾਂ ਦਾ ਚੂਰਾ, ਬਾਈਪਾਸ ਫੈਟ, ਪਸ਼ੂ ਚਾਟ ਅਤੇ ਗਰਮੀਆਂ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਵੀ ਕੀਤੀ ਗਈ।

Leave a Reply

Your email address will not be published. Required fields are marked *