ਡਾ. ਪ੍ਰਗਿਆ ਜੈਨ ਨੇ ਨਾਗਰਿਕਾਂ ਨਾਲ ਸੰਪਰਕ ਕੀਤਾ ਅਤੇ ਸਿੱਧੀ ਫੀਡਬੈਕ ਪ੍ਰਾਪਤ ਕੀਤੀ
ਫਰੀਦਕੋਟ : ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਅਤੇ ਸਮਾਜ ਨਾਲ ਪੁਲਿਸ ਦੇ ਸੰਬੰਧ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਐੱਸ. ਐੱਸ. ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਸ਼ਨੀਵਾਰ ਸ਼ਾਮੀ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ’ਚ ਨਾਕਿਆਂ ਅਤੇ ਪੁਲਿਸ ਸਟੇਸ਼ਨਾਂ ਦਾ ਦੌਰਾ ਕੀਤਾ।
ਜ਼ਿਲੇ ਦੇ ਮੁੱਖ ਨਾਕਿਆਂ ’ਤੇ ਵਿਸ਼ੇਸ਼ ਨਿਗਰਾਨੀ ਦੌਰਾਨ ਐੱਸ. ਐੱਸ. ਪੀ. ਨੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਜਾਰੀ ਰੱਖਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਇਹ ਜ਼ਰੂਰੀ ਹੈ ਕਿ ਜੁਰਮ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾਵੇ। ਨਾਕਿਆਂ ਦੇ ਕੰਮਕਾਜ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਸ਼ੇਸ਼ ਧਿਆਨ ਨਸ਼ਿਆਂ ਦੇ ਸਮੱਗਲਰਾਂ ਅਤੇ ਸਨੈਚਿੰਗ ਦੇ ਮਾਮਲਿਆਂ ਉੱਤੇ ਦਿੱਤਾ ਜਾਵੇ। ਇਸਦੇ ਨਾਲ ਪੈਟਰੋਲਿੰਗ ਦੇ ਨਵੇਂ ਰੁਟ ਬਣਾਉਣ ਅਤੇ ਹਾਟਸਪੋਟਾਂ ਦੀ ਪਛਾਣ ਕਰਕੇ ਜੁਰਮ ਰੋਕੂ ਕਾਰਵਾਈਆ ਨੂੰ ਅੱਗੇ ਵਧਾਉਣ ਉੱਪਰ ਵੀ ਜੋਰ ਦਿੱਤਾ।
ਡਾ. ਜੈਨ ਨੇ ਜ਼ਿਲੇ ਦੇ ਨਾਗਰਿਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਤੋਂ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਸਿੱਧਾ ਫੀਡਬੈਕ ਲਿਆ। ਉਨ੍ਹਾਂ ਕਿਹਾ ਕਿ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਾਡੀ ਵਧਦੀ ਮੌਜੂਦਗੀ ਨਾਲ ਲੋਕ ਆਪਣੇ ਆਪ ਨੂੰ ਹੋਰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਹ ਸਾਡੀ ਕੋਸ਼ਿਸ਼ ਹੈ ਕਿ ਪਾਰਦਰਸ਼ੀ ਅਤੇ ਸਰਗਰਮ ਪੁਲੀਸਿੰਗ ਰਾਹੀਂ ਜਨਤਾ ਦਾ ਭਰੋਸਾ ਕਾਇਮ ਕੀਤਾ ਜਾਵੇ।
ਡਾ. ਜੈਨ ਨੇ ਜ਼ਮੀਨੀ ਪੱਧਰ ‘ਤੇ ਅਪਰਾਧ ਨਿਯੰਤਰਣ ਲਈ ਵਰਤੇ ਜਾ ਰਹੇ VAHAN ਅਤੇ PAIS (ਪੰਜਾਬ ਏ.ਆਈ ਸਿਸਟਮ) ਦੀ ਪ੍ਰਭਾਵਸ਼ੀਲਤਾ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਟੈਕਨਾਲੋਜੀ ਅਤੇ ਹਯੂਮਨ ਰਿਸੋਸ ਦਾ ਸਮਰਪਿਤ ਮਿਲਾਪ ਹੀ ਅਗਲੇ ਪੱਧਰ ਦੀ ਪੁਲੀਸਿੰਗ ਦੀ ਨਵੀਂ ਦਿਸ਼ਾ ਹੈ।
ਡਾ. ਪ੍ਰਗਿਆ ਜੈਨ ਐੱਸ. ਐੱਸ. ਪੀ. ਫਰੀਦਕੋਟ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਕੁਝ ਹਫ਼ਤਿਆਂ ਤੋਂ ਥਾਣਿਆਂ ਦੇ ਦੌਰੇ ਅਤੇ ਜਨਤਕ ਮੀਟਿੰਗਾਂ ਰਾਹੀਂ ਪੁਲਿਸ ਫੋਰਸ ਦਾ ਹੌਸਲਾ ਵਧਾਉਣ ਅਤੇ ਸਮਾਜ ਨਾਲ ਸਬੰਧ ਮਜ਼ਬੂਤ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਫਰੀਦਕੋਟ ਪੁਲਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਸੁਖਦ ਅਤੇ ਸਰਗਰਮ ਪੁਲੀਸਿੰਗ ਪ੍ਰਦਾਨ ਕਰਨਾ ਹੈ।
