ਮਿੰਟਾਂ ਵਿਚ ਹੀ ਢਹਿ ਗਏ ਘਰ
ਇਟਲੀ ਦੇ ਸ਼ਹਿਰ ਨੇਪਲਜ਼ ਵਿਚ ਤੜਕਸਾਰ 4.4 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਕਈ ਇਮਾਰਤਾਂ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਅਤੇ ਸਥਾਨਕ ਲੋਕਾਂ ਵਿਚ ਡਰ ਫੈਲ ਗਿਆ। ਇਹ ਸ਼ਹਿਰ ਵਿਚ 40 ਸਾਲਾਂ ਵਿਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ, ਜਿਸ ਕਾਰਨ ਘਰ ਮਿੰਟਾਂ ਵਿਚ ਹੀ ਢਹਿ ਗਏ ਅਤੇ ਕੁਝ ਵਸਨੀਕ ਮਲਬੇ ਹੇਠ ਦੱਬ ਗਏ।
ਇਤਾਲਵੀ ਭੂਚਾਲ ਵਿਗਿਆਨੀਆਂ ਅਨੁਸਾਰ ਭੂਚਾਲ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 1:25 ਵਜੇ ਆਇਆ। ਭੂਚਾਲ ਦੀ ਡੂੰਘਾਈ ਸਿਰਫ਼ ਦੋ ਮੀਲ (ਲਗਭਗ 3.2 ਕਿਲੋਮੀਟਰ) ਸੀ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਇਸ ਨੂੰ 4.2 ਤੀਬਰਤਾ ਵਾਲਾ ਭੂਚਾਲ ਦਸਿਆ ਅਤੇ ਇਸ ਦੀ ਡੂੰਘਾਈ 10 ਕਿਲੋਮੀਟਰ (6.2 ਮੀਲ) ਮਾਪੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਭੂਚਾਲ ਆਉਣ ਤੋਂ ਕੱੁਝ ਪਲ ਪਹਿਲਾਂ ਉਨ੍ਹਾਂ ਨੇ ਬਹੁਤ ਉੱਚੀ ਗਰਜ ਸੁਣੀ, ਜਿਸ ਨਾਲ ਸਵੇਰੇ ਇਟਲੀ ਦਾ ਸ਼ਹਿਰ ਜਾਗ ਪਿਆ। ਭੂਚਾਲ ਕਾਰਨ ਮਲਬਾ ਜ਼ਮੀਨ ’ਤੇ ਡਿੱਗ ਪਿਆ ਅਤੇ ਇਮਾਰਤਾਂ ਹਿੱਲ ਗਈਆਂ, ਜਿਸ ਤੋਂ ਬਾਅਦ ਇਲਾਕੇ ਅਤੇ ਆਲੇ-ਦੁਆਲੇ ਦੇ ਬਹੁਤ ਸਾਰੇ ਲੋਕਾਂ ਨੇ ਰਾਤ ਸੜਕਾਂ ’ਤੇ ਬਿਤਾਈ। ਕੈਂਪੀ ਫਲੇਗ੍ਰੇਈ ਜਵਾਲਾਮੁਖੀ ਨੇੜੇ ਸਥਿਤ ਨੇਪਲਜ਼, ਜਵਾਲਾਮੁਖੀ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ।
ਇਹ ਇਲਾਕਾ ਕੈਂਪੇਨੀਅਨ ਜਵਾਲਾਮੁਖੀ ਲੜੀ ਦਾ ਹਿੱਸਾ ਹੈ, ਜਿਸ ਵਿੱਚ ਵੇਸੁਵੀਅਸ ਜਵਾਲਾਮੁਖੀ ਹੈ, ਜੋ ਅਕਸਰ ਭੂਚਾਲ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੁੰਦਾ ਹੈ।
