ਬੰਗਲੁਰੂ – ਰਜਤ ਪਾਟੀਦਾਰ ਆਰ. ਸੀ. ਬੀ. ਦੀ ਕਮਾਨ ਸੰਭਾਲਣ ਵਾਲੇ 8ਵੇਂ ਖਿਡਾਰੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਕੇਵਿਨ ਪੀਟਰਸਨ, ਅਨਿਲ ਕੁੰਬਲੇ, ਡੈਨੀਅਲ ਵਿਟੋਰੀ, ਵਿਰਾਟ ਕੋਹਲੀ, ਸ਼ੇਨ ਵਾਟਸਨ, ਫਾਫ ਡੂ ਪਲੇਸਿਸ ਵਰਗੇ ਵੱਡੇ ਨਾਵਾਂ ਨੇ ਇਸ ਟੀਮ ਦੀ ਕਪਤਾਨੀ ਕੀਤੀ ਹੈ। ਉਹ ਰਾਹੁਲ ਦ੍ਰਾਵਿੜ, ਅਨਿਲ ਕੁੰਬਲੇ ਅਤੇ ਵਿਰਾਟ ਕੋਹਲੀ ਤੋਂ ਬਾਅਦ ਆਰ. ਸੀ. ਬੀ. ਦੀ ਕਮਾਨ ਸੰਭਾਲਣ ਵਾਲੇ ਚੌਥੇ ਭਾਰਤੀ ਹੋਣਦੇ। ਵਿਰਾਟ ਕੋਹਲੀ ਨੇ ਵੀ ਰਜਤ ਪਾਟੀਦਾਰ ਨੂੰ ਆਰ. ਸੀ. ਬੀ. ਦਾ ਕਪਤਾਨ ਬਣਾਏ ਜਾਣ ਤੋਂ ਬਾਅਦ ਵਧਾਈ ਦਿੱਤੀ ਹੈ।
ਪਾਟੀਦਾਰ ਬਣੇ ਕਪਤਾਨ, ਵਿਰਾਟ ਕਿਉਂ ਨਹੀਂ?
ਆਈ. ਪੀ. ਐੱਲ. 2025 ਦੇ ਸੰਬੰਧ ਵਿਚ ਹਾਲਾਂਕਿ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸੀ ਕਿ ਆਰ. ਸੀ. ਬੀ. ਦੀ ਕਪਤਾਨੀ ਦੀ ਵਾਗਡੋਰ ਇਕ ਵਾਰ ਫਿਰ ਵਿਰਾਟ ਕੋਹਲੀ ਦੇ ਹੱਥਾਂ ਵਿਚ ਆਵੇਗੀ ਪਰ ਟੀਮ ਪ੍ਰਬੰਧਨ ਨੇ ਪੁਰਾਣੇ ਚਿਹਰੇ ਦੀ ਬਜਾਏ ਇਕ ਨਵੇਂ ਚਿਹਰੇ ਨੂੰ ਕਪਤਾਨ ਬਣਾਉਣ ਵਿਚ ਵਧੇਰੇ ਦਿਲਚਸਪੀ ਦਿਖਾਈ। ਰਜਤ ਪਾਟੀਦਾਰ ਨੂੰ ਕਪਤਾਨ ਚੁਣਨ ਦਾ ਇਕ ਕਾਰਨ ਘਰੇਲੂ ਕ੍ਰਿਕਟ ਵਿਚ ਕਪਤਾਨ ਵਜੋਂ ਉਨ੍ਹਾਂ ਦਾ ਪ੍ਰਦਰਸ਼ਨ ਹੈ।
ਘਰੇਲੂ ਕ੍ਰਿਕਟ ਵਿਚ ਕਪਤਾਨ ਵਜੋਂ ਰਜਤ ਦਾ ਟ੍ਰੈਕ ਰਿਕਾਰਡ
ਰਜਤ ਪਾਟੀਦਾਰ ਨੇ 16 ਟੀ-20 ਮੈਚਾਂ ਵਿਚ ਆਪਣੀ ਘਰੇਲੂ ਟੀਮ ਮੱਧ ਪ੍ਰਦੇਸ਼ ਦੀ ਕਪਤਾਨੀ ਕੀਤੀ ਹੈ, ਜਿਨ੍ਹਾਂ ਵਿਚੋਂ ਉਨ੍ਹਾਂ ਨੇ 12 ਮੈਚ ਜਿੱਤੇ ਹਨ। ਇਸਦਾ ਮਤਲਬ ਹੈ ਕਿ ਉਨ੍ਹਾਂ ਦੀ ਜਿੱਤ ਪ੍ਰਤੀਸ਼ਤਤਾ 75 ਰਹੀ ਹੈ। ਰਜਤ ਦੀ ਕਪਤਾਨੀ ਹੇਠ ਮੱਧ ਪ੍ਰਦੇਸ਼ ਦੀ ਟੀਮ ਸਈਅਦ ਮੁਸ਼ਤਾਕ ਅਲੀ ਟਰਾਫੀ 2024-25 ਦੇ ਫਾਈਨਲ ਵਿਚ ਪਹੁੰਚੀ। ਮੱਧ ਪ੍ਰਦੇਸ਼ ਦੀ ਸਫਲਤਾ ਵਿਚ ਪਾਟੀਦਾਰ ਦੀ ਕਪਤਾਨੀ ਦੇ ਨਾਲ-ਨਾਲ ਬੱਲੇਬਾਜ਼ੀ ਨੇ ਵੀ ਵੱਡੀ ਭੂਮਿਕਾ ਨਿਭਾਈ।
ਆਈ. ਪੀ. ਐੱਲ. ਵਿਚ ਆਰ. ਸੀ. ਬੀ. ਦਾ ਪ੍ਰਦਰਸ਼ਨ
ਆਈ. ਪੀ. ਐੱਲ. ਵਿਚ ਆਰ. ਸੀ. ਬੀ. ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਇਹ ਲੀਗ ਦੀਆਂ ਉਨ੍ਹਾਂ ਟੀਮਾਂ ਵਿਚੋਂ ਇਕ ਹੈ, ਜਿਨ੍ਹਾਂ ਨੇ ਹੁਣ ਤੱਕ ਇਕ ਵਾਰ ਵੀ ਖਿਤਾਬ ਨਹੀਂ ਜਿੱਤਿਆ ਹੈ। ਰਾਇਲ ਚੈਲੇਂਜਰਜ਼ ਬੰਗਲੁਰੂ ਆਈ. ਪੀ. ਐਲ. ਦੇ 17 ਸੀਜ਼ਨਾਂ ਵਿਚ 9 ਵਾਰ ਪਲੇਆਫ ਵਿਚ ਪਹੁੰਚਿਆ, ਜਿਸ ਵਿਚੋਂ ਇਹ 3 ਵਾਰ ਫਾਈਨਲ ਵਿਚ ਪਹੁੰਚਿਆ ਪਰ ਕਦੇ ਵੀ ਖਿਤਾਬ ਨਹੀਂ ਜਿੱਤ ਸਕਿਆ। ਆਰ. ਸੀ. ਬੀ. ਨੇ 2009, 2011 ਅਤੇ 2016 ਵਿਚ ਆਈ. ਪੀ. ਐਲ. ਫਾਈਨਲ ਖੇਡਿਆ ਸੀ। ਆਰ. ਸੀ. ਬੀ. ਆਈ. ਪੀ. ਐਲ. ਵਿਚ ਸਭ ਤੋਂ ਵੱਧ ਮੈਚ ਜਿੱਤਣ ਵਾਲੀ ਚੌਥੀ ਟੀਮ ਹੈ। ਉਸਨੇ ਹੁਣ ਤੱਕ ਕੁੱਲ 123 ਮੈਚ ਜਿੱਤੇ ਹਨ।
ਇਹ ਸਪੱਸ਼ਟ ਹੈ ਕਿ ਆਰ. ਸੀ. ਬੀ. ਚਾਹੇਗਾ ਕਿ ਉਸਦਾ ਨਵਾਂ ਕਪਤਾਨ ਰਜਤ ਪਾਟੀਦਾਰ ਟੀਮ ਦੇ ਖਿਤਾਬ ਜਿੱਤਣ ਦੇ ਸੁਪਨੇ ਨੂੰ ਸਾਕਾਰ ਕਰਨ ਦੀਆਂ ਉਮੀਦਾਂ ‘ਤੇ ਖਰਾ ਉਤਰੇ, ਜੋ ਕਿ ਹੁਣ ਤੱਕ ਪੂਰਾ ਨਹੀਂ ਹੋ ਸਕਿਆ ਹੈ।