ਆਪ’ ਨੇ ਸੱਤਾ ਲਈ ਨਹੀਂ, ਭਗਤ ਸਿੰਘ, ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਆਸਤ ’ਚ ਕਦਮ ਰੱਖਿਆ : ਕੇਜਰੀਵਾਲ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਜ਼ਾਦੀ ਘੁਲਾਟੀਏ ਭਗਤ ਸਿੰਘ ਅਤੇ ਸਮਾਜ ਸੁਧਾਰਕ ਭੀਮਰਾਓ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਆਸਤ ’ਚ ਆਈ ਹੈ, ਨਾ ਕਿ ਸੱਤਾ ਲਈ।

ਇੱਥੇ ‘ਆਪ’ ਦੇ ‘ਏਕ ਸ਼ਾਮ ਸ਼ਹੀਦਾਂ ਕੇ ਨਾਮ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਕੌਮੀ ਰਾਜਧਾਨੀ ’ਚ ਸੱਤਾ ’ਚ ਆਉਣ ਤੋਂ ਬਾਅਦ ਦੋਹਾਂ ਮਹਾਨ ਆਗੂਆਂ ਦੀ ਵਿਰਾਸਤ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ। ਇਹ ਸਮਾਗਮ ਸ਼ਹੀਦੀ ਦਿਵਸ ਮਨਾਉਣ ਲਈ ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਸਾਡੇ ਰੋਲ ਮਾਡਲ ਬਾਬਾ ਸਾਹਿਬ ਅੰਬੇਡਕਰ ਅਤੇ ਭਗਤ ਸਿੰਘ ਹਨ। ਭਗਤ ਸਿੰਘ ਕਹਿੰਦੇ ਸਨ ਕਿ ਸਿਰਫ਼ ਅੰਗਰੇਜ਼ਾਂ ਨੂੰ ਹਟਾਉਣਾ ਹੀ ਕਾਫ਼ੀ ਨਹੀਂ ਹੈ, ਸਮਾਜ ਦੇ ਢਾਂਚੇ ਨੂੰ ਬਦਲਣਾ ਪਵੇਗਾ। ਨਹੀਂ ਤਾਂ ਭੂਰੇ ਸ਼ਾਸਕ ਅੰਗਰੇਜ਼ਾਂ ਦੀ ਥਾਂ ਲੈ ਲੈਣਗੇ। ਬਿਲਕੁਲ ਇਹੋ ਹੋਇਆ ਹੈ। ਅੱਜ ਦੇ ਸ਼ਾਸਕ ਅੰਗਰੇਜ਼ਾਂ ਤੋਂ ਵੀ ਬਦਤਰ ਹਨ।

ਉਨ੍ਹਾਂ ਕਿਹਾ ਕਿ ਦਿੱਲੀ ’ਚ ਸੱਤਾ ਸੰਭਾਲਣ ਦੇ 48 ਘੰਟਿਆਂ ਦੇ ਅੰਦਰ ਹੀ ਭਾਜਪਾ ਨੇ ਸਰਕਾਰੀ ਦਫ਼ਤਰਾਂ ਤੋਂ ਭਗਤ ਸਿੰਘ ਅਤੇ ਅੰਬੇਡਕਰ ਦੀਆਂ ਤਸਵੀਰਾਂ ਹਟਾ ਦਿਤੀਆਂ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਭਗਤ ਸਿੰਘ ਤੋਂ ਵੱਧ ਕੁਰਬਾਨੀ ਦੇਣ ਵਾਲਾ ਕੋਈ ਹੈ?

ਕੇਜਰੀਵਾਲ ਨੇ ਦਿੱਲੀ ’ਚ ਔਰਤਾਂ ਲਈ ਮੁਫਤ ਬੱਸ ਯਾਤਰਾ ਯੋਜਨਾ ਨੂੰ ਕਥਿਤ ਤੌਰ ’ਤੇ ਸੀਮਤ ਕਰਨ ਲਈ ਭਾਜਪਾ ਸਰਕਾਰ ਦੀ ਆਲੋਚਨਾ ਵੀ ਕੀਤੀ। ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਬੱਸ ਕੰਡਕਟਰ ਹੁਣ ਔਰਤਾਂ ਨੂੰ ਮੁਫਤ ਗੁਲਾਬੀ ਟਿਕਟਾਂ ਦੇਣ ਤੋਂ ਇਨਕਾਰ ਕਰ ਰਹੇ ਹਨ ਜਦੋਂ ਤਕ ਉਹ ਕੋਈ ਐਪ ਡਾਊਨਲੋਡ ਨਹੀਂ ਕਰਦੀਆਂ। ਉਨ੍ਹਾਂ ਕਿਹਾ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ? ਸਹੂਲਤਾਂ ’ਚ ਸੁਧਾਰ ਕਰਨ ਦੀ ਬਜਾਏ, ਉਹ ਮੌਜੂਦਾ ਸਹੂਲਤਾਂ ਨੂੰ ਵਾਪਸ ਲੈ ਰਹੇ ਹਨ। ਹੁਣ ਤਕ ਉਨ੍ਹਾਂ ਨੂੰ ਔਰਤਾਂ ਨੂੰ 2500 ਰੁਪਏ ਦੇਣੇ ਸ਼ੁਰੂ ਕਰ ਦੇਣੇ ਚਾਹੀਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।

ਆਪਦੇਸ਼ ਭਰ ਚ ਅਪਣਾ ਮਿਸ਼ਨ ਜਾਰੀ ਰੱਖੇਗੀ – ਗੋਪਾਲ ਰਾਏ

ਪਾਰਟੀ ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਕਿਹਾ ਕਿ ‘ਆਪ’ ਦਾ ਜਨਮ ਸੰਘਰਸ਼ ਤੋਂ ਹੋਇਆ ਹੈ ਅਤੇ ਉਹ ਦੇਸ਼ ਭਰ ’ਚ ਅਪਣਾ ਮਿਸ਼ਨ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਦਿੱਲੀ ’ਚ ਸਾਡੀ ਹਾਰ ਰਣਨੀਤੀ ਕਾਰਨ ਹੋਈ ਪਰ ਸਾਡੀ ਤਾਕਤ ਸਾਡੇ ਸਮਰਪਿਤ ਵਰਕਰ ਹਨ। ਉਨ੍ਹਾਂ ਨੇ ਸੋਚਿਆ ਸੀ ਕਿ ਅਸੀਂ ਖਤਮ ਹੋ ਜਾਵਾਂਗੇ ਪਰ ਅਸੀਂ ਦੁੱਗਣੀ ਤਾਕਤ ਨਾਲ ਦੇਸ਼ ਭਰ ’ਚ ਵਾਪਸੀ ਕਰਾਂਗੇ।

ਸੌਰਭ ਭਾਰਦਵਾਜ ਨੇ ਭਾਜਪਾ ਤੇ ਚੋਣਾਂ ਜਿੱਤਣ ਲਈ ਪੁਲਿਸ, ਚੋਣ ਕਮਿਸ਼ਨ ਅਤੇ ਧਨ ਸ਼ਕਤੀ ਦੀ ਵਰਤੋਂ ਕਰਨ ਦਾ ਲਾਇਆ ਦੋਸ਼

‘ਆਪ’ ਦੀ ਦਿੱਲੀ ਇਕਾਈ ਦੇ ਨਵੇਂ ਨਿਯੁਕਤ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ’ਚ ‘ਆਪ’ ਦੀ ਜਿੱਤ ਦਾ ਸ਼ਹਿਰ ਭਰ ’ਚ ਜਸ਼ਨ ਮਨਾਇਆ ਗਿਆ ਪਰ ਭਾਜਪਾ ਦੀ ਜਿੱਤ ਨੂੰ ਅਜਿਹਾ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਨੇ ਭਾਜਪਾ ’ਤੇ ਚੋਣਾਂ ਜਿੱਤਣ ਲਈ ਪੁਲਿਸ, ਚੋਣ ਕਮਿਸ਼ਨ ਅਤੇ ਧਨ ਸ਼ਕਤੀ ਦੀ ਵਰਤੋਂ ਕਰਨ ਦਾ ਦੋਸ਼ ਲਾਇਆ।

Leave a Reply

Your email address will not be published. Required fields are marked *