ਅੰਮ੍ਰਿਤਸਰ ਏਅਰਪੋਰਟ ‘ਤੇ ਅਮਰੀਕੀ ਜਹਾਜ ਲੈਂਡ ਹੋ ਚੁੱਕਿਆ ਹੈ। ਇਸ ਵਿੱਚ ਕੁਲ੍ਹ 119 ਭਾਰਤੀ ਹਨ, ਜਿਨ੍ਹਾਂ ਵਿੱਚੋਂ 65 ਪੰਜਾਬੀ ਅਤੇ 33 ਹਰਿਆਣਾ ਅਤੇ ਹੋਰ ਕਈ ਸੂਬਿਆਂ ਦੇ ਵਸਨੀਕ ਹਨ। ਇਹ ਜਹਾਜ ਸਾਢੇ 11 ਵਜੇ ਦੇ ਕਰੀਬ ਪਹੁੰਚਿਆ ਹੈ। ਇਨ੍ਹਾਂ ਨੂੰ ਬਾਹਰ ਆਉਣ ਲਈ 2 ਤੋਂ 3 ਘੰਟੇ ਲੱਗ ਸਕਦੇ ਹਨ। ਇਸ ਮੌਕੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ‘ਚ ਹੀ ਹਨ।
ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕੀ ਫੌਜੀ ਜਹਾਜ਼ ਸੀ-17 ਰਾਹੀਂ ਅੰਮ੍ਰਿਤਸਰ ਲਿਜਾਇਆ ਗਿਆ ਸੀ। ਇਨ੍ਹਾਂ ਲੋਕਾਂ ਨੂੰ ਹੱਥਾਂ ਵਿੱਚ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਲਗਾ ਕੇ ਲਿਆਂਦਾ ਗਿਆ ਸੀ। ਇਸ ਵਾਰ ਭਾਰਤੀਆਂ ਨੂੰ ਕਿਵੇਂ ਡਿਪੋਰਟ ਤੇ ਕੀ ਉਨ੍ਹਾਂ ਨੂੰ ਦੁਬਾਰਾ ਹੱਥਕੜੀਆਂ ਅਤੇ ਬੇੜੀਆਂ ਲਗਾ ਕੇ ਭੇਜਿਆ ਗਿਆ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਐੱਸ. ਜੀ. ਪੀ. ਸੀ. ਨੇ ਕੀਤਾ ਪ੍ਰਬੰਧ
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸੰਦੀਪ ਸਿੰਘ ਨੇ ਪ੍ਰਬੰਧਾਂ ਨੂੰ ਲੈ ਕੇ ਦੱਸਿਆ ਕਿ ਜਿਹੜੇ ਲੋਕ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਪੁੱਜ ਰਹੇ ਹਨ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਲਈ ਰਿਹਾਇਸ਼ੀ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਚਲਦੇ ਸ਼੍ਰੋਮਣੀ ਕਮੇਟੀ ਵੱਲੋਂ ਇਕ ਵੋਲਵੋ ਬੱਸ ਏਅਰਪੋਰਟ ਦੇ ਅੰਦਰ ਭੇਜੀ ਗਈ ਹੈ, ਉਥੇ ਹੀ ਹੋਰ ਵੀ ਬੱਸਾਂ ਅਤੇ ਛੋਟੀਆਂ ਗੱਡੀਆਂ, ਜੋ ਏਅਰਪੋਰਟ ਦੇ ਬਾਹਰ ਖੜੀਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਖਾਣ-ਪੀਣ ਦੇ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਐਸ. ਜੀ. ਪੀ. ਸੀ. ਅਧਿਕਾਰੀ ਨੇ ਦੱਸਿਆ ਕਿ ਅਗਰ ਕੋਈ ਵਿਅਕਤੀ ਜਿਸ ਨੂੰ ਉਸਦਾ ਪਰਵਾਰਿਕ ਮੈਂਬਰ ਨਹੀਂ ਲੈਣ ਆਇਆ ਜਾਂ ਉਹ ਪੁਲਿਸ ਦੇ ਨਾਲ ਨਹੀਂ ਜਾਣਾ ਚਾਹੁੰਦਾ, ਉਹ ਐਸ. ਜੀ. ਪੀ. ਸੀ. ਦੀ ਬੱਸ ਵਿਚ ਵੀ ਜਾ ਸਕਦਾ ਹੈ। ਐਸ. ਜੀ. ਪੀ. ਸੀ. ਦੀ ਬੱਸ ਉਹਨਾਂ ਨੂੰ ਘਰ ਤੱਕ ਪਹੁੰਚਾ ਕੇ ਆਵੇਗੀ।
