ਨਵੇ ਸਾਲ ’ਤੇ ਕੜਾਕੇ ਦੀ ਠੰਢ ’ਚ ਸ਼ੰਭੂ ਵਿਖੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੇ ਮੋਦੀ ਦਾ ਕੀਤਾ ਪਿੱਟ-ਸਿਆਪਾ
ਪਟਿਆਲਾ : ਜਿਥੇ ਅੱਜ ਪੂਰੀ ਦੁਨੀਆ ਭਰ ’ਚ ਲੋਕ ਨਵੇਂ ਸਾਲ ਦੇ ਜਸ਼ਨ ਮਨਾ ਰਹੇ ਹਨ, ਉਥੇ ਅੱਜ ਸ਼ੰਭੂ ਬਾਰਡਰ ’ਤੇ ਕਿਸਾਨਾਂ, ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਕੜਾਕੇ ਦੀ ਠੰਢ ’ਚ ਵਿਸ਼ਾਲ ਰੈਲੀ ਕਰ ਕੇ ਮੋਦੀ ਦਾ ਪਿੱਟ ਸਿਆਪਾ ਕੀਤਾ।
ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਅਗਵਾਈ ’ਚ ਦਿੱਲੀ ਅੰਦੋਲਨ-2 ਦੇ ਚਲਦੇ ਦੇਸ਼ ਦੇ ਕਿਸਾਨ-ਮਜ਼ਦੂਰ 2024 ਦੇ 13 ਫਰਵਰੀ ਤੋਂ ਲਗਾਤਾਰ ਵੱਖ-ਵੱਖ ਬਾਰਡਰਾਂ ’ਤੇ ਕੜਕਦੀ ਠੰਢ ’ਚ ਬੈਠੇ ਹੋਏ ਹਨ ਅਤੇ ਅੱਜ ਉਨ੍ਹਾਂ ਦੇ ਧਰਨੇ ਨੂੰ 319ਵਾਂ ਦਿਨ ਚਲ ਰਿਹਾ ਹੈ।
ਅੱਜ ਮੀਟਿੰਗ ਤੋਂ ਬਾਅਦ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਡੱਲੇਵਾਲ ਜੀ ਦਾ ਮਰਨ ਵਰਤ ਲਗਾਤਾਰ 37ਵੇਂ ਦਿਨ ਜਾਰੀ ਹੈ ਪਰ ਸਰਕਾਰ ਬਿਲਕੁਲ ਸੁੱਤੀ ਹੋਈ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਾਨੂੰ ਜਾਣਬੁਝ ਕੇ ਟਾਰਗੇਟ ਕਰ ਰਿਹਾ ਹੈ। ਅਸੀਂ ਹੋਰ ਤਾਕਤ ਨਾਲ ਲੜਾਈ ਲੜਾਂਗੇ ਪਰ ਝੁਕਾਂਗੇ ਨਹੀਂ। ਉਨ੍ਹਾਂ ਆਖਿਆ ਕਿ ਕਿਸਾਨ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਤਿਆਰ ਹਨ।
6 ਨੂੰ ਮਨਾਇਆ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ
ਉਨ੍ਹਾਂ ਜਾਣਕਾਰੀ ਦਿੱਤੀ ਕਿ 6 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ੰਭੂ ਬਾਰਡਰ ’ਤੇ ਵੱਡੇ ਇਕੱਠ ਕਰ ਕੇ ਮਨਾਇਆ ਜਾਵੇਗਾ, ਜਿਸ ਦੌਰਾਨ 11 ਤੋਂ 2 ਵਜੇ ਤੱਕ ਦੀਵਾਨ ਸਜਾਏ ਜਾਣਗੇ।
ਉਨ੍ਹਾਂ ਅੰਦੋਲਨ ਵੱਲੋਂ ਪਟਿਆਲੇ ਅਤੇ ਫ਼ਤਿਹਗੜ੍ਹ ਦੇ ਨੇੜੇ ਦੇ ਪਿੰਡਾਂ ਨੂੰ ਇਸ ਮੌਕੇ ਸ਼ੰਭੂ ਵਿਖੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਧ ਤੋਂ ਵੱਧ ਗਿਣਤੀ ’ਚ ਹਾਜ਼ਰ ਸ਼ਮੂਲੀਅਤ ਕਰਨਗੀਆਂ।