ਭਾਰਤ ਦੇ ਖੱਬੇ ਹੱਥ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਸ਼ਨੀਵਾਰ ਨੂੰ ਆਈ.ਸੀ.ਸੀ. ਦਾ ਸਾਲ ਦਾ ਸਰਵੋਤਮ ਟੀ-20 ਕੌਮਾਂਤਰੀ ਪੁਰਸ਼ ਕ੍ਰਿਕਟਰ ਚੁਣਿਆ ਗਿਆ ਹੈ।
ਉਸ ਨੇ ਭਾਰਤੀ ਟੀਮ ਨੂੰ ਇਸ ਫਾਰਮੈਟ ਵਿਚ ਵਿਸ਼ਵ ਕੱਪ ਟਰਾਫੀ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਐਵਾਰਡ ਨਾਲ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ‘ਚ ਸਰਵੋਤਮ ਗੇਂਦਬਾਜ਼ ਦੇ ਤੌਰ ’ਤੇ ਉਸ ਦਾ ਕੱਦ ਹੋਰ ਮਜ਼ਬੂਤ ਹੋ ਗਿਆ ਹੈ।
ਅਰਸ਼ਦੀਪ (25) ਨੇ ਪਿਛਲੇ ਸਾਲ 18 ਮੈਚਾਂ ਵਿਚ 36 ਵਿਕਟਾਂ ਲਈਆਂ ਸਨ। ਉਸ ਨੇ ਅਮਰੀਕਾ ਵਿਚ ਹੋਏ ਟੀ-20 ਵਿਸ਼ਵ ਕੱਪ ‘ਚ ਪਾਵਰਪਲੇਅ ਤੇ ਆਖਰੀ ਓਵਰਾਂ ਵਿਚ ਗੇਂਦਬਾਜ਼ੀ ਵਿਚ ਆਪਣੀ ਮਹਾਰਤ ਦਿਖਾਈ ਸੀ। ਟੂਰਨਾਮੈਂਟ ਦੇ ਅੰਤ ਵਿਚ ਉਹ ਅਫਗਾਨਿਸਤਾਨ ਦੇ ਫਜ਼ਲ ਹੱਕ ਫਾਰੂਕੀ ਨਾਲ ਸਾਂਝੇ ਤੌਰ ’ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਰਿਹਾ ਸੀ।
ਉਸ ਨੇ 8 ਮੈਚਾਂ ਵਿਚ 12.64 ਦੀ ਔਸਤ ਨਾਲ 17 ਵਿਕਟਾਂ ਲਈਆਂ ਸਨ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਫਾਈਨਲ ਵਿਚ ਦੱਖਣੀ ਅਫਰੀਕਾ ’ਤੇ 7 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ ਸੀ, ਜਿਸ ਵਿਚ ਉਸ ਨੇ 20 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਸਨ।
ਆਈ.ਸੀ.ਸੀ. ਵੱਲ਼ੋਂ ਅਵਾਰਡ ਐਲਾਨੇ ਜਾਣ ਤੋਂ ਅਰਸ਼ਦੀਪ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਟੋਰੀ ਲਗਾ ਕੇ ਇਸ ਅਵਾਰਡ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਤਸਵੀਰ ਸਾਂਝੀ ਕਰਦਿਆਂ ਲਿਖਿਆ- ”Greatful”