ਮੀਟਿੰਗ ਕਰ ਕੇ ਜਾਂਚ ਕੀਤੀ ਸ਼ੁਰੂ
ਡਿਪੋਰਟ ਕੀਤੇ ਵਿਅਕਤੀਆਂ ਵਿਚ 4 ਪਟਿਆਲੇ ਅਤੇ ਇਕ ਸੰਗਰੂਰ ਦਾ ਨਾਗਰਿਕ
ਪਟਿਆਲਾ : ਅਮਰੀਕਾ ਸਰਕਾਰ ਵੱਲੋਂ ਹਾਲ ਵਿਚ ਡਿਪੋਰਟ ਕੀਤੇ ਗਏ 104 ਭਾਰਤੀਆਂ ’ਚੋਂ 31 ਪੰਜਾਬ ਦੇ ਸ਼ਾਮਲ ਸਨ, ਜਿਨ੍ਹਾਂ ’ਚ 4 ਪਟਿਆਲਾ ਜ਼ਿਲੇ ਅਤੇ 1 ਸੰਗਰੂਰ ਦਾ ਨਾਗਰਿਕ ਹੈ। ਇਸ ਮਾਮਲੇ ਦੀ ਜਾਂਚ ਸਬੰਧੀ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ’ਚੋਂ ਆਈ. ਜੀ. ਪ੍ਰੋਵੀਜਨਲ ਐੱਸ. ਭੂਪਤੀ ਆਈ. ਪੀ. ਐੱਸ. ਅੱਜ ਪਟਿਆਲਾ ਪਹੁੰਚੇ ਅਤੇ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ।
ਪਰਿਵਾਰਾਂ ਨੇ ਆਪਣੀ ਸਾਰੀ ਕਹਾਣੀ ਦੱਸੀ ਅਤੇ ਆਈ. ਜੀ. ਭੁੂਪਤੀ ਨੇ ਗੈਰ ਕਾਨੂੰਨੀ ਏਜੰਟਾਂ ਵੱਲੋਂ ਕੀਤੀਆ ਜਾਣ ਵਾਲੀਆਂ ਜ਼ਿਆਦਤੀਆਂ ਅਤੇ ਪੈਸੇ ਹਡ਼ੱਪ ਕੇ ਤੰਗ ਪ੍ਰੇਸ਼ਾਨ ਕਰਨ ਸਬੰਧੀ ਗੈਰ ਕਾਨੂੰਨੀ ਏਜੰਟਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਅੱਜ ਦੀ ਮੀਟਿੰਗ ਡੀ. ਐੱਸ. ਪੀ. ਐੱਨ. ਆਰ. ਆਈ. ਗੁਰਬੰਸ ਸਿੰਘ ਬੈਂਸ ਦੇ ਦਫਤਰ ਵਿਖੇ ਹੋਈ, ਜਿਸ ਵਿਚ ਥਾਣਾ ਐੱਨ. ਆਰ. ਆਈ. ਦੇ ਮੁਖੀ ਅਭੈ ਸਿੰਘ ਚੌਹਾਨ, ਐੱਨ. ਆਰ. ਆਈ. ਥਾਣਾ ਸੰਗਰੂਰ ਦੇ ਮੁਖੀ ਇੰਸ. ਪੁਨੀਤ ਗਰਗ ਵੀ ਵਿਸ਼ੇਸ ਤੌਰ ’ਤੇ ਪਹੁੰਚੇ ਹੋਏ ਸੀ।
ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਡੀ. ਜੀ. ਪੀ. ਗੌਰਵ ਯਾਦਵ ਨੇ ਚਾਰ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਸੀ, ਜਿਸ ਵਿਚ ਪ੍ਰਵੀਨ ਕੁਮਾਰ ਸਿਨਹਾ ਆਈ. ਪੀ. ਐੱਸ. ਵਧੀਕ ਡਾਇਰੈਕਟਰ ਜਨਰਲ ਆਫ ਪੁਲਸ ਐੱਨ. ਆਰ. ਆਈ. ਅਫਰਜ਼ ਵਿੰਗ ਪੰਜਾਬ ਨੂੰ ਚੇਅਰਮੈਨ, ਸ਼ਿਵ ਕੁਮਾਰ ਵਰਮਾ ਵਧੀਕ ਡਾਇਰੈਕਟਰ ਜਨਰਲ ਆਫ ਪੁਲਸ ਅੰਦਰੂਨੀ ਸੁਰੱਖਿਆ, ਸਤਿੰਦਰ ਸਿੰਘ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ ਬਾਰਡਰ ਰੇਂਜ ਵੀ ਸ਼ਾਮਲ ਹਨ।
