ਬੀ. ਐੱਸ. ਐੱਫ ਨੇ ਕੀਤੇ ਪੁਲਸ ਹਵਾਲੇ, ਦੁਬਾਈ ਤੋਂ ਆਈ ਸੀ ਕਾਲ, 3 ਵਿਰੁੱਧ ਕੇਸ ਦਰਜ
ਡੇਰਾ ਬਾਬਾ ਨਾਨਕ , 20 ਦਸੰਬਰ : ਜ਼ਿਲਾ ਗੁਰਦਾਸਪੁਰ ਵਿਚ ਭਾਰਤ-ਪਾਕਿਸਤਾਨ ਸਰਹੱਦ ’ਤੇ ਹੈਰੋਇਨ ਦੀ ਖੇਪ ਲੈਣ ਪੁੱਜੇ ਕਾਰ ਸਵਾਰ 2 ਨੌਜਵਾਨਾਂ ਨੂੰ ਬੀ. ਐੱਸ. ਐੱਫ. ਵੱਲੋਂ ਕਾਬੂ ਕਰ ਕੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਦੇ ਹਵਾਲੇ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਮਾਮਲੇ ਦੇ ਤਫਤੀਸ਼ੀ ਅਫਸਰ ਐੱਸ. ਆਈ. ਰਘਬੀਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਫਤਿਹਗੜ੍ਹ ਚੂੜੀਆਂ ਬਾਈਪਾਸ ਚੌਕ ਡੇਰਾ ਬਾਬਾ ਨਾਨਕ ਵਿਖੇ ਗਸ਼ਤ ਦੌਰਾਨ ਮੌਜੂਦ ਸੀ ਕਿ ਐੱਸ. ਐੱਚ. ਓ. ਅਸ਼ੋਕ ਕੁਮਾਰ ਸ਼ਰਮਾ ਵੱਲੋਂ ਸੂਚਨਾ ਦਿੱਤੀ ਗਈ ਕਿ ਬੀ. ਐੱਸ. ਐੱਫ. ਦੇ ਜਵਾਨਾਂ ਨੇ 22 ਨੌਜਵਾਨਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਲਾਗੇ ਪੈਂਦੇ ਪਿੰਡ ਗੋਲਾ-ਢੋਲਾ ਨੇੜਿਓਂ ਚਿੱਟੇ ਰੰਗ ਦੀ ਵਰਨਾ ਕਾਰ ’ਚ ਘੁੰਮਦਿਆਂ ਸ਼ੱਕੀ ਹਾਲਤ ਵਿਚ ਕਾਬੂ ਕੀਤਾ ਹੈ, ਜੋ ਇਸ ਵੇਲੇ ਬੀ. ਓ. ਪੀ. ਡੇਰਾ ਬਾਬਾ ਨਾਨਕ ਰੋਡ ਪੋਸਟ ’ਤੇ ਮੌਜੂਦ ਹਨ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਤੁਰੰਤ ਬਾਅਦ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਉਕਤ ਜਗਾ ’ਤੇ ਜਾ ਕੇ ਪੀ. ਜੇ. ਮੇਖ ਏ. ਸੀ. ਕੋਏ ਕਮਾਂਡਰ-ਏ-ਕੋਏ 113 ਬਟਾਲੀਅਨ ਬੀ. ਐੱਸ. ਐੱਫ. ਵੱਲੋਂ ਜਾਰੀ ਕੀਤੇ ਪੱਤਰ ਦੇ ਬਾਅਦ ਦੋਵਾਂ ਨੌਜਵਾਨਾਂ ਅਰਮਾਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਮੀਰਕਚਾਣਾ ਅਤੇ ਸ਼ਿਵਾ ਗਿੱਲ ਪੁੱਤਰ ਸੁਰਜੀਤ ਸਿੰਘ ਵਾਸੀ ਵਡਾਲਾ ਬਾਂਗਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਨ੍ਹਾਂ ਕੋਲੋਂ ਇਕ ਚਿੱਟੇ ਰੰਗ ਦੀ ਵਰਨਾ ਕਾਰ ਨੰ.ਬੀ.ਐੱਲ.1ਸੀ.ਏ.ਡੀ.9921, ਇਕ ਰੈੱਡਮੀ ਕੰਪਨੀ ਦਾ ਮੋਬਾਈਲ, ਇਕ ਐਪਲ ਦਾ ਆਈ ਫੋਨ ਬਰਾਮਦ ਕਰ ਕੇ ਕਬਜ਼ੇ ਵਿਚ ਲਿਆ ਗਿਆ ਹੈ।
ਪੁੱਛਗਿੱਛ ਕਰਨ ’ਤੇ ਉਕਤ ਨੇ ਦੱਸਿਆ ਕਿ ਸਾਨੂੰ ਦੋਵਾਂ ਨੂੰ ਪ੍ਰਭਦੀਪ ਸਿੰਘ ਬਾਜਵਾ ਪੁੱਤਰ ਸੋਨੀ ਵਾਸੀ ਮੀਰ ਕਚਾਣਾ ਹਾਲ ਵਾਸੀ ਦੁਬਈ ਨੇ ਅਪਣੇ ਮੋਬਾਈਲ ਦੇ ਵਟਸਐਪ ਨੰਬਰ ’ਤੋਂ ਲੋਕੇੇਸ਼ਨ ਭੇਜੀ ਸੀ, ਜਿਸ ਤੋਂ ਬਾਅਦ ਅਸੀਂ ਪਾਕਿਸਤਾਨ ਤੋਂ ਆ ਰਹੀ ਹੈਰੋਇਨ ਦੇ ਪੈਕੇਟ ਚੁਕਣ ਲਈ ਆਏ ਸੀ, ਪ੍ਰੰਤੂ ਹੈਰੋਇਨ ਦੀ ਖੇਪ ਮਿਲਣ ਤੋਂ ਪਹਿਲਾਂ ਹੀ ਬੀ. ਐੱਸ. ਐੱਫ. ਨੇ ਸਾਨੂੰ ਕਾਬੂ ਕਰ ਲਿਆ।
ਐੱਸ. ਆਈ. ਰਘਬੀਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਉਕਤ ਤਿੰਨਾਂ ਖਿਲਾਫ ਕੇਸ ਦਰਜ ਕਰਨ ਉਪਰੰਤ ਪ੍ਰਭਦੀਪ ਸਿੰਘ ਬਾਜਵਾ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰ ਦਿੱਤਾ ਗਿਆ ਹੈ।
Read More : ਕੜਾਕੇ ਦੀ ਠੰਢ ਵਿਚ ਜਿਮਖਾਨਾ ਕਲੱਬ ਦੀ 61.04 ਫੀਸਦੀ ਹੋਈ ਵੋਟਿੰਗ
