overdose

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਪਰਿਵਾਰ ਨੇ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਦੀ ਮੰਗ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਖਿਲਾਫ ਦਿੱਤਾ ਧਰਨਾ

ਸਮਾਣਾ, 9 ਨਵੰਬਰ : ਚਿੱਟੇ ਨਸ਼ੇ ਦੀ ਓਵਰਡੋਜ਼ ਕਾਰਨ ਪਿਛਲੇ ਦਿਨੀਂ ਸ਼ਹਿਰ ਦੀ ਇਕ ਬਸਤੀ ਵਿਚ ਮ੍ਰਿਤਕ ਮਿਲੇ 18 ਸਾਲਾ ਨੌਜਵਾਨ ਦੇ ਵਾਰਸ਼ਾਂ ਨੇ ਨਸ਼ਾ ਵੇਚਣ ਵਾਲਿਆਂ ਖਿਲਾਫ ਸ਼ਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਵੜੈਚਾਂ ਪੱਤੀ ਵਿਖੇ ਸਰਕਾਰ ਤੇ ਪੁਲਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਮਾਣਾ-ਗੱਜੂਮਾਜਰਾ ਸੜਕ ’ਤੇ 2 ਘੰਟੇ ਧਰਨਾ ਲਾ ਕੇ ਸੜਕ ਜਾਮ ਕੀਤੀ।

ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਵਿਨੋਦ ਵਾਸੀ ਵੜੈਚਾਂ ਪੱਤੀ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ਨੀਵਾਰ ਸਵੇਰ ਨੂੰ ਬੇਹੋਸ਼ੀ ਦੀ ਹਾਲਤ ’ਚ ਮਲਕਾਨਾ ਪੱਤੀ ’ਚੋਂ ਮਿਲਣ ’ਤੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਐਤਵਾਰ ਨੂੰ ਵਾਰਸ਼ਾਂ ਨੇ ਲਾਸ਼ ਪ੍ਰਾਪਤ ਕਰ ਕੇ ਆਪਣੇ ਘਰ ਨੇੜੇ ਬਸਤੀ ’ਚ ਪਹੁੰਚਣ ’ਤੇ ਨਸ਼ਾ ਸਮੱਗਲਰਾਂ ਖਿਲਾਫ ਰੋਸ ਪ੍ਰਗਟ ਕਰਦਿਆਂ ਮ੍ਰਿਤਕ ਦੀ ਲਾਸ਼ ਸੜਕ ਵਿਚਕਾਰ ਰੱਖਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਸਫਲ ਨਹੀਂ ਹੋਣ ਦਿੱਤਾ। ਉਪਰੰਤ ਵਾਰਸਾਂ ਨੇ 2 ਘੰਟੇ ਤੱਕ ਸੜਕ ’ਤੇ ਧਰਨਾ ਲਾ ਕੇ ਸਰਕਾਰ ਤੇ ਪੁਲਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਤਾਂ ਕਿ ਹੋਰ ਨੌਜਵਾਨ ਇਸ ਨਸ਼ੇ ਤੋਂ ਬੱਚ ਸਕਣ।

ਸਿਟੀ ਪੁਲਸ ਦੇ ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਅਨੁਸਾਰ ਗੈਰ-ਸਮਾਜੀ ਅਨਸਰਾਂ ਦੇ ਸੰਪਰਕ ’ਚ ਆਉਣ ’ਤੇ ਉਨ੍ਹਾਂ ਦਾ ਪੁੱਤਰ ਪੰਕਜ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੋ ਗਿਆ ਸੀ। ਉਸ ਨੂੰ ਦੋ ਵਾਰ ਨਸ਼ਾ ਛੁਡਾਓ ਕੇਂਦਰ ਵਿਚ ਭੇਜਿਆ ਗਿਆ।

ਬੀਤੀ ਰਾਤ ਉਹ ਆਪਣੇ ਦੋਸਤ ਨਾਲ ਘਰੋਂ ਗਿਆ ਸੀ ਅਤੇ ਸ਼ਨੀਵਾਰ ਸਵੇਰੇ ਬੇਹੋਸ਼ੀ ਦੀ ਹਾਲਤ ਵਿਚ ਸ਼ਹਿਰ ਦੀ ਇਕ ਬਸਤੀ ਵਿਚ ਪਿਆ ਮਿਲਿਆ, ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਅਧਿਕਾਰੀ ਅਨੁਸਾਰ ਵਾਰਸਾਂ ਦੀ ਬੇਨਤੀ ’ਤੇ ਪੁਲਸ ਨੇ ਪੋਸਟਮਾਰਟਮ ਕੀਤੇ ਬਗੈਰ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Read More : ਚੋਣ ਪ੍ਰਚਾਰ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਸੌਂਦ ਦਾ ਦਿਹਾਂਤ

Leave a Reply

Your email address will not be published. Required fields are marked *