ਵਿਧਾਨ ਸਭਾ ਵੱਲੋਂ ਬਿੱਲ ਸਰਬਸੰਮਤੀ ਨਾਲ ਪਾਸ; ਰੱਖਿਆ ਤਕਨਾਲੋਜੀ, ਏਆਈ ਅਤੇ ਕੁਆਂਟਮ ਕੰਪਿਊਟਿੰਗ ਵਰਗੇ ਆਧੁਨਿਕ ਕੋਰਸਾਂ ‘ਤੇ ਹੋਵੇਗਾ ਵਿਸ਼ੇਸ਼ ਜ਼ੋਰ
ਚੰਡੀਗੜ੍ਹ, 17 ਮਾਰਚ : ਪੰਜਾਬ ਵਿਧਾਨ ਸਭਾ ਵੱਲੋਂ ਅੱਜ ਇੱਕ ਇਤਿਹਾਸਕ ਫੈਸਲਾ ਲੈਂਦਿਆਂ ‘ਸ੍ਰੀ ਗੁਰੂ ਤੇਗ਼ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ ਪੰਜਾਬ ਬਿੱਲ, 2026’ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਪੰਜਾਬ ਦੀ ਅਧਿਆਤਮਿਕ ਵਿਰਾਸਤ ਅਤੇ ਭਵਿੱਖੀ ਸਿੱਖਿਆ ਪ੍ਰਣਾਲੀ ਦੇ ਸੁਮੇਲ ਵਜੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਇਸ ਅਤਿ-ਆਧੁਨਿਕ ਸੰਸਥਾ ਦੀ ਸਥਾਪਨਾ ਕੀਤੀ ਜਾਵੇਗੀ। ਇਹ ਯੂਨੀਵਰਸਿਟੀ ਰੱਖਿਆ, ਏਰੋਸਪੇਸ, ਸਾਈਬਰ ਸੁਰੱਖਿਆ ਅਤੇ ਕੁਆਂਟਮ ਕੰਪਿਊਟਿੰਗ ਵਰਗੇ ਖੇਤਰਾਂ ਵਿੱਚ ਉੱਤਰੀ ਭਾਰਤ ਦੇ ਪਹਿਲੇ ਵਿਸ਼ੇਸ਼ ਕੋਰਸ ਮੁਹੱਈਆ ਕਰਵਾਏਗੀ, ਜੋ ਵਿਸ਼ਵ ਪੱਧਰੀ ਸੰਸਥਾਵਾਂ ਜਿਵੇਂ ਕਿ ਐਮ.ਆਈ.ਟੀ. (MIT) ਦੇ ਬਰਾਬਰ ਹੋਣਗੇ।
ਇਸ ਯੂਨੀਵਰਸਿਟੀ ਵਿੱਚ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਰਣਨੀਤਕ ਅਧਿਐਨਾਂ ‘ਤੇ ਕੇਂਦ੍ਰਿਤ ਇੱਕ ਵਿਸ਼ੇਸ਼ ਢਾਂਚਾ ਤਿਆਰ ਕੀਤਾ ਗਿਆ ਹੈ। ਕੋਰਸਾਂ ਦੀ ਸੂਚੀ ਵਿੱਚ ਰੱਖਿਆ ਤਕਨਾਲੋਜੀ ਵਿੱਚ ਬੀ.ਐਸਸੀ, ਰਣਨੀਤਕ ਅਤੇ ਰੱਖਿਆ ਅਧਿਐਨ ਵਿੱਚ ਐਮ.ਐਸਸੀ, ਮਿਲਟਰੀ ਰੋਬੋਟਿਕਸ, ਡਰੋਨ ਇੰਜੀਨੀਅਰਿੰਗ, ਸਾਈਬਰ-ਵਾਰਫੇਅਰ, ਚਿੱਪ ਡਿਜ਼ਾਈਨ, ਸੈਮੀ-ਕੰਡਕਟਰ ਇੰਜੀਨੀਅਰਿੰਗ ਅਤੇ ਕੁਆਂਟਮ ਕੰਪਿਊਟਿੰਗ ਵਿੱਚ ਡਿਗਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ, ਫੌਜੀ ਇਤਿਹਾਸ, ਮੈਰੀਟਾਈਮ ਲਾਅ ਅਤੇ ਅੱਤਵਾਦ ਵਿਰੋਧੀ ਕੋਰਸਾਂ ਵਿੱਚ ਵੀ ਮਾਸਟਰ ਡਿਗਰੀਆਂ ਅਤੇ ਡਿਪਲੋਮੇ ਦਿੱਤੇ ਜਾਣਗੇ।
ਸੂਬਾ ਸਰਕਾਰ ਵੱਲੋਂ ਅਗਲੇ ਤਿੰਨ ਸਾਲਾਂ ਵਿੱਚ ਇਸ ਯੂਨੀਵਰਸਿਟੀ ਲਈ ₹300 ਕਰੋੜ ਦੇ ਨਿਵੇਸ਼ ਦਾ ਪ੍ਰਸਤਾਵ ਹੈ, ਜਿਸ ਵਿੱਚੋਂ ਮੌਜੂਦਾ ਬਜਟ ਵਿੱਚ ਸ਼ੁਰੂਆਤੀ ₹20 ਕਰੋੜ ਰੱਖੇ ਗਏ ਹਨ। ਯੂਨੀਵਰਸਿਟੀ ਰਣਨੀਤਕ ਤੌਰ ‘ਤੇ ਕੀਰਤਪੁਰ ਸਾਹਿਬ-ਨੰਗਲ ਹਾਈਵੇਅ ਦੇ ਨੇੜੇ ਸਥਾਪਿਤ ਕੀਤੀ ਜਾਵੇਗੀ। ਜੁਲਾਈ 2026 ਤੱਕ ਪਹਿਲਾ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਲਈ ਇੱਕ ਆਰਜ਼ੀ (ਟਰਾਂਜ਼ਿਟ) ਕੈਂਪਸ ਦੀ ਪਛਾਣ ਕਰ ਲਈ ਗਈ ਹੈ, ਜਿੱਥੇ ਤਿਆਰੀਆਂ ਜ਼ੋਰਾਂ ‘ਤੇ ਹਨ।
ਇਹ ਸੰਸਥਾ ਸਿਰਫ਼ ਡਿਗਰੀਆਂ ਦੇਣ ਤੱਕ ਸੀਮਤ ਨਹੀਂ ਹੋਵੇਗੀ, ਸਗੋਂ ਭਵਿੱਖ ਦੇ ਵਿਗਿਆਨੀ ਪੈਦਾ ਕਰਨ ਅਤੇ ਪੰਜਾਬ ਦੀਆਂ ਸੁਰੱਖਿਆ ਚੁਣੌਤੀਆਂ ‘ਤੇ ਖੋਜ ਕਰਨ ਲਈ ਇੱਕ ਕੇਂਦਰ ਵਜੋਂ ਕੰਮ ਕਰੇਗੀ। ਅਗਲੇ ਦਹਾਕੇ ਵਿੱਚ ਇੱਥੇ 10,000 ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਵੇਗੀ, ਜਿਸ ਨਾਲ ਖੇਤਰ ਵਿੱਚ ਫੈਕਲਟੀ, ਤਕਨੀਕੀ ਸਟਾਫ ਅਤੇ ਸਟਾਰਟਅੱਪਸ ਰਾਹੀਂ ਹਜ਼ਾਰਾਂ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਮਾਪਤੀ ਸਮਾਗਮ ਵੀ ਇਸੇ ਯੂਨੀਵਰਸਿਟੀ ਦੇ ਗਰਾਊਂਡ ਵਿੱਚ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ ਹੈ।
Read More : ਸਪੀਕਰ ਵੱਲੋਂ ਵਿਧਾਨ ਸਭਾ ਹਾਲ ਵਿਚ ਮੌਜੂਦਾ ਵਿਧਾਇਕਾਂ ਦੀਆਂ ਲਗਾਈਆਂ ਫੋਟੋਆਂ ਦਾ ਉਦਘਾਟਨ
