ਸ਼ਿਕਾਇਤ ਦੀ ਸੁਣਵਾਈ ਨਾ ਹੋਣ ਤੋਂ ਸੀ ਪ੍ਰੇਸ਼ਾਨ
ਪਟਿਆਲਾ, 6 ਅਗਸਤ : ਸ਼ਿਕਾਇਤ ਦੀ ਸੁਣਵਾਈ ਨਾ ਹੋਣ ਕਾਰਨ ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਮਹਿਲਾ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਉਸ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਸਟਾਫ ਨੇ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮਹਿਲਾ ਦੀ ਪਛਾਣ ਸੰਦੀਪ ਕੌਰ ਪਤਨੀ ਜਸਪਾਲ ਸਿੰਘ ਵਾਸੀ ਪਿੰਡ ਸ਼ੇਖਪੁਰਾ ਥਾਣਾ ਖੇੜੀ ਗੰਡਿਆਂ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਸੰਦੀਪ ਕੌਰ ਆਪਣੇ ਘਰ ’ਚ ਦਾਖਲ ਹੁੰਦੇ ਛੱਪੜ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਦਫਤਰ ਪਹੁੰਚੀ ਸੀ। ਮਹਿਲਾ ਦੇ ਭਰਾ ਸੰਜੀਵ ਸ਼ਰਮਾ ਨੇ ਦੱਸਿਆ ਕਿ ਕੁਝ ਲੋਕਾਂ ਨੇ ਪਿੰਡ ਸ਼ੇਖਪੁਰਾ ਦੇ ਛੱਪੜ ’ਤੇ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਉਸ ਦੀ ਭੈਣ ਦੇ ਘਰ ਪਾਣੀ ਵੜ੍ਹ ਜਾਂਦਾ ਹੈ। ਉਸ ਦੀ ਭੈਣ ਛੱਪੜ ਦੀ ਨਿਸ਼ਾਨਦੇਹੀ ਨੂੰ ਲੈ ਕੇ ਪਹਿਲਾਂ ਪਟਵਾਰੀ ਅਤੇ ਕਾਨੂੰਨਗੋ ਅਤੇ ਫਿਰ ਡਿਪਟੀ ਕਮਿਸ਼ਨਰ ਦਫਤਰ ਦੇ ਚੱਕਰ ਮਾਰ ਰਹੀ ਸੀ। ਜਦੋਂ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਉਸ ਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਉਸ ਦੀ ਭੈਣ ਅਜੇ ਬੋਲ ਨਹੀਂ ਰਹੀ ਹੈ।
ਇਸ ਸਬੰਧੀ ਏ. ਡੀ. ਸੀ. ਈਸ਼ਾ ਸਿੰਘਲ ਨੇ ਕਿਹਾ ਕਿ ਔਰਤ ਸਵੇਰੇ ਡੀ. ਸੀ. ਦਫਤਰ ਆਈ ਸੀ, ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੱਗ ਰਹੀ ਸੀ। ਪਹਿਲਾਂ ਉਸ ਨੂੰ ਬਿਠਾਇਆ ਗਿਆ ਅਤੇ ਚਾਹ-ਪਾਣੀ ਪਿਲਾਇਆ। ਏ. ਡੀ. ਸੀ. ਨੇ ਕਿਹਾ ਕਿ ਔਰਤ ਦੇ ਅਨੁਸਾਰ ਕੁਝ ਲੋਕ ਉਸ ਨੂੰ ਪ੍ਰੇਸ਼ਾਨ ਕਰ ਰਹੇ ਸਨ। ਸੰਦੀਪ ਕੌਰ ਨੂੰ ਚੈੱਕਅਪ ਲਈ ਹਸਪਤਾਲ ਭੇਜਿਆ ਗਿਆ ਸੀ ਅਤੇ ਉਸ ਦੀ ਸਿਹਤ ਠੀਕ ਹੈ।
ਥਾਣਾ ਤ੍ਰਿਪੜੀ ਦੇ ਏ. ਐੱਸ. ਈ. ਹਰਜਿੰਦਰ ਸਿੰਘ ਨੇ ਕਿਹਾ ਕਿ ਸਬੰਧਤ ਔਰਤ ਪਿੰਡ ਸ਼ੇਖਪੁਰਾ ਦੀ ਰਹਿਣ ਵਾਲੀ ਹੈ। ਉਸ ਨੇ ਛੱਪੜ ਦਾ ਪਾਣੀ ਘਰ ’ਚ ਦਾਖਲ ਹੋਣ ਸਬੰਧੀ ਸ਼ਿਕਾਇਤ ਕੀਤੀ ਸੀ। ਸਰਪੰਚ ਦੇ ਅਨੁਸਾਰ ਛੱਪੜ ਦੀ ਸਫਾਈ ਵੀ ਪੰਚਾਇਤ ਵੱਲੋਂ ਕੀਤੀ ਗਈ ਹੈ ਪਰ ਹੁਣ ਔਰਤ ਛੱਪੜ ਦੀ ਨਿਸ਼ਾਨਦੇਹੀ ਕਰਨ ਲਈ ਕਹਿ ਰਹੀ ਹੈ। ਇਸ ਸਬੰਧੀ ਸੰਦੀਪ ਕੌਰ ਡੀ. ਸੀ. ਨੂੰ ਮਿਲਣ ਆਈ ਸੀ ਅਤੇ ਵੇਟਿੰਗ ਰੂਮ ’ਚ ਬੈਠੀ ਸੀ, ਉੱਥੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਸ ਵੇਲੇ ਸੰਦੀਪ ਕੌਰ ਦੀ ਹਾਲਤ ਠੀਕ ਹੈ। ਉਸ ਦੇ ਬਿਆਨਾਂ ਦੇ ਅਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Read More : ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਲਾਇਆ ਪੰਜਾਬ ਦਾ ਸਭ ਤੋਂ ਵੱਡਾ ਤੀਆਂ ਦਾ ਮੇਲਾ