Woman murder

ਕੁਹਾੜੀ ਨਾਲ ਵੱਢ ਕੇ ਔਰਤ ਦਾ ਕੀਤਾ ਕਤਲ

ਧੀ ਅਤੇ ਪੁੱਤਰ ਗੰਭੀਰ ਜ਼ਖਮੀ

ਮਾਨਸਾ, 15 ਅਕਤੂਬਰ : –ਬੁਢਲਾਡਾ ਤੋਂ ਮੋਟਰਸਾਈਕਲ ’ਤੇ ਆਪਣੇ ਪਰਿਵਾਰ ਨਾਲ ਵਾਪਸ ਆ ਰਹੀ ਇਕ ਔਰਤ ਦਾ ਪਿੰਡ ਮਾਨਸਾ ਖੁਰਦ ਨੇੜੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ ਹੈ। ਇਸ ਹਮਲੇ ਵਿਚ ਉਸਦੀ ਧੀ ਅਤੇ ਪੁੱਤਰ ਵੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਉਣ ਤੋਂ ਬਾਅਦ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਪਿੰਡ ਖੋਖਰ ਖੁਰਦ ਵਾਸੀ ਕਰਮਜੀਤ ਕੌਰ ਦੀ ਧੀ ਗਗਨਦੀਪ ਕੌਰ ਬੁਢਲਾਡਾ ਵਿਖੇ ਵਿਆਹੀ ਹੋਈ ਸੀ, ਜਿਸ ਨੂੰ ਲੈ ਕੇ ਉੱਥੇ ਕੁੱਝ ਤਕਰਾਰ ਹੋਇਆ। ਅੱਜ ਕਰਮਜੀਤ ਕੌਰ ਆਪਣੇ ਪੁੱਤਰ ਕਮਲਜੀਤ ਸਿੰਘ ਨਾਲ ਪੁੱਤਰੀ ਗਗਨਦੀਪ ਕੌਰ ਅਤੇ ਦੋਹਤੇ ਸ਼ੁਭਦੀਪ ਸਿੰਘ ਨੂੰ ਲੈ ਕੇ ਬੁਢਲਾਡਾ ਤੋਂ ਆਪਣੇ ਪਿੰਡ ਖੋਖਰ ਖੁਰਦ ਆ ਰਹੀ ਸੀ।

ਪਿੰਡ ਮਾਨਸਾ ਖੁਰਦ ਨੇੜੇ ਪਿੱਛੋਂ ਆ ਰਹੇ ਦੋ ਮੋਟਰਸਾਈਕਲਾਂ ’ਤੇ ਸਵਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਅਤੇ ਕੁਹਾੜੀ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਰਮਜੀਤ ਕੌਰ (52) ਨੂੰ ਬੁਰੀ ਤਰ੍ਹਾਂ ਕੁਹਾੜੀ ਨਾਲ ਵੱਢਿਆ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਦੋਂ ਕਿ ਉਸਦਾ ਲੜਕਾ ਕਮਲਜੀਤ ਸਿੰਘ ਅਤੇ ਧੀ ਗਗਨਦੀਪ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮਾਨਸਾ ਹਸਪਤਾਲ ਦਾਖਲ ਕਰਵਾਉਣ ਤੋਂ ਬਾਅਦ ਹਾਲਤ ਨਾਜੁਕ ਦੇਖਦਿਆਂ ਡਾਕਟਰਾਂ ਨੇ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਕਰਮਜੀਤ ਕੌਰ ਦੀ ਲਾਸ਼ ਸਿਵਲ ਹਸਪਤਾਲ ਮਾਨਸਾ ਦੇ ਮੁਰਦਾਘਰ ਵਿਖੇ ਰੱਖੀ ਗਈ ਹੈ।

ਹਮਲਾਵਰਾਂ ਨੇ ਦੋ ਸਾਲਾ ਬੱਚੇ ਸ਼ੁਭਦੀਪ ਸਿੰਘ ਨੂੰ ਕੁੱਝ ਨਹੀਂ ਕਿਹਾ। ਥਾਣਾ ਸਿਟੀ-2 ਮਾਨਸਾ ਦੇ ਮੁਖੀ ਗੁਰਤੇਜ਼ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Read More : ਮਸ਼ਹੂਰ ਅਦਾਕਾਰ ਪੰਕਜ ਧੀਰ ਦਾ ਦਿਹਾਂਤ

Leave a Reply

Your email address will not be published. Required fields are marked *