ਮੋਹਾਲੀ ਵਿਖੇ ‘ਮਾਵਾਂ ਧੀਆਂ ਸਤਿਕਾਰ’ ਅਤੇ ‘ਮੇਰੀ ਰਸੋਈ’ ਯੋਜਨਾਵਾਂ ਦਾ ਐਲਾਨ
ਮਨੀਸ਼ ਸਿਸੋਦੀਆ ਅਤੇ ਤਰੁਨਪ੍ਰੀਤ ਸੌਂਦ ਦੀ ਮੌਜੂਦਗੀ ਵਿਚ 100 ਮਹਿਲਾ ਉੱਦਮੀਆਂ ਦਾ ਕੀਤਾ ਸਨਮਾਨ
ਮੋਹਾਲੀ, 19 ਮਾਰਚ : ਪੰਜਾਬ ਦੇ ਸ਼ਾਨਾਮੱਤੇ ਵਿਕਾਸ ਵਿੱਚ ਔਰਤਾਂ ਦੇ ਅਹਿਮ ਸਥਾਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪ੍ਰਸ਼ਾਸਨ, ਆਰਥਿਕਤਾ ਅਤੇ ਸਮਾਜ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਭਾਰਿਆ। ਮੋਹਾਲੀ ਵਿਖੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਔਰਤਾਂ ਦਾ ਸਸ਼ਕਤੀਕਰਨ ਸਿੱਖਿਆ, ਢੁਕਵੀਂ ਨੁਮਾਇੰਦਗੀ ਅਤੇ ਆਰਥਿਕ ਮੌਕਿਆਂ ਰਾਹੀਂ ਹੀ ਸੰਭਵ ਹੈ। ਉਨ੍ਹਾਂ ਔਰਤਾਂ ਨੂੰ ਫੈਸਲਾ ਲੈਣ ਵਾਲੇ ਅਹੁਦਿਆਂ ਤੱਕ ਪਹੁੰਚਣ ਅਤੇ ਸੂਬੇ ਦੇ ਭਵਿੱਖ ਨੂੰ ਸੰਵਾਰਨ ਦੀ ਅਪੀਲ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਕੁੜੀਆਂ ਸਿੱਖਿਆ ਰਾਹੀਂ ਖੁਦ ਨੂੰ ਸਸ਼ਕਤ ਬਣਾਉਣ। ਉਨ੍ਹਾਂ ਸਿਆਸਤ ਵਿੱਚ ਔਰਤਾਂ ਦੀ ਸ਼ਮੂਲੀਅਤ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਹੜੀਆਂ ਔਰਤਾਂ ਘਰਾਂ ਨੂੰ ਬਿਹਤਰ ਸੰਭਾਲਦੀਆਂ ਹਨ, ਉਨ੍ਹਾਂ ਨੂੰ ਦੇਸ਼ ਦੀ ਵਿਵਸਥਾ ਵੀ ਚਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਆਸਤ ਨੂੰ ਲੰਬੇ ਸਮੇਂ ਤੋਂ ਮਰਦਾਂ ਦੀ ਜਾਗੀਰ ਮੰਨਿਆ ਜਾਂਦਾ ਰਿਹਾ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਔਰਤਾਂ ਇਸ ਖੇਤਰ ਵਿੱਚ ਵੀ ਨਾਮਣਾ ਖੱਟਣ। ਉਨ੍ਹਾਂ ਵੋਟ ਦੀ ਵਰਤੋਂ ਪੂਰੀ ਸਮਝਦਾਰੀ ਨਾਲ ਕਰਨ ਦੀ ਵੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਦੱਸਿਆ ਕਿ ‘ਆਪ’ ਸਰਕਾਰ ਨੇ ਰਿਕਾਰਡ ਗਿਣਤੀ ਵਿੱਚ ਔਰਤਾਂ ਨੂੰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵਜੋਂ ਨਿਯੁਕਤ ਕੀਤਾ ਹੈ। ਉਨ੍ਹਾਂ ਚੀਨ ਦੀ ਉਦਾਹਰਨ ਦਿੰਦਿਆਂ ਪੰਜਾਬੀ ਔਰਤਾਂ ਨੂੰ ਮਾਤਾ ਗੁਜਰੀ ਜੀ ਅਤੇ ਮਾਈ ਭਾਗੋ ਜੀ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖਿਆ ਹੀ ਗਰੀਬੀ ਦੇ ਚੱਕਰ ਨੂੰ ਤੋੜਨ ਦਾ ਇੱਕੋ-ਇੱਕ ਤਰੀਕਾ ਹੈ, ਜਿਸ ਲਈ ਸਰਕਾਰ ਅਣਥੱਕ ਮਿਹਨਤ ਕਰ ਰਹੀ ਹੈ।
ਸਮਾਰੋਹ ਦੌਰਾਨ ਪੰਜਾਬ ਰਾਜ ਪੇਂਡੂ ਆਜੀਵਕਾ ਮਿਸ਼ਨ (PSRLM) ਅਧੀਨ 100 ਮਹਿਲਾ ਉੱਦਮੀਆਂ ਨੂੰ 25,000 ਰੁਪਏ, ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ 58,303 ਸਵੈ-ਸਹਾਇਤਾ ਗਰੁੱਪਾਂ ਨੂੰ 147 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ‘ਪਹਿਲ ਸਟਾਰਟਅੱਪ’ ਰਾਹੀਂ 2,000 ਤੋਂ ਵੱਧ ਪ੍ਰੋਜੈਕਟ ਲਾਂਚ ਕੀਤੇ ਗਏ ਹਨ। ਵੇਰਕਾ ਦੇ ਸਹਿਯੋਗ ਨਾਲ 1,000 ਮਹਿਲਾ ਡੇਅਰੀ ਸਭਾਵਾਂ ਸਥਾਪਤ ਕਰਨ ਦਾ ਟੀਚਾ ਵੀ ਮਿੱਥਿਆ ਗਿਆ ਹੈ।
ਭਵਿੱਖੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ ਨੂੰ 1,000 ਤੋਂ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ, ਜਿਸ ਦੀ ਰਜਿਸਟ੍ਰੇਸ਼ਨ 13 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ‘ਮੇਰੀ ਰਸੋਈ’ ਯੋਜਨਾ ਤਹਿਤ 40 ਲੱਖ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਮਿਲਣਗੀਆਂ। ਸਰਕਾਰੀ ਨੌਕਰੀਆਂ ਵਿੱਚ 33% ਅਤੇ ਪੰਚਾਇਤੀ ਰਾਜ ਵਿੱਚ 50% ਰਾਖਵਾਂਕਰਨ ਵੀ ਦਿੱਤਾ ਜਾ ਰਿਹਾ ਹੈ।
ਇਸ ਦੌਰਾਨ ‘ਆਪ’ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਹਿਲੀ ਵਾਰ ਸਧਾਰਨ ਪਰਿਵਾਰਾਂ ਦੀਆਂ ਔਰਤਾਂ ਨੂੰ ਰਾਸ਼ਟਰ ਨਿਰਮਾਤਾ ਵਜੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
Read More : ਖਾੜੀ ਦੇਸ਼ਾਂ ‘ਚ ਜੰਗੀ ਤਣਾਅ ਦੇ ਬਾਵਜੂਦ ਭਾਰਤੀ ਤੇਲ ਟੈਂਕਰ ‘ਜਗ ਲਾਡਕੀ’ ਸੁਰੱਖਿਅਤ ਮੁੰਦਰਾ ਪੋਰਟ ਪਹੁੰਚਿਆ
