ਜਯੋਤਸਨਾ ਸਿੰਘ ਨੇ ਕਿਸ਼ਤੀ ਰਾਹੀਂ ਜਾ ਕੇ ਵਿਆਹ ਵਾਲੀ ਲੜਕੀ ਤੇ ਉਸ ਦੇ ਪਰਿਵਾਰ ਨੂੰ ਹੜ੍ਹ ਦੇ ਪਾਣੀ ’ਚੋਂ ਕੱਢਿਆ
ਬਟਾਲਾ, 3 ਸਤੰਬਰ : ਰਾਵੀ ਦਰਿਆ ਦੇ ਹੜ੍ਹਾਂ ਦੌਰਾਨ ਲੋਕਾਂ ਨੂੰ ਬਚਾਉਣ ਤੇ ਰਾਹਤ ਪਹੁੰਚਾਉਣ ਲਈ ਜਿੱਥੇ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਦੀਆਂ ਟੀਮਾਂ ਵੱਲੋਂ ਮਿਸਾਲੀ ਕੰਮ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਹੜ੍ਹਾਂ ਦੌਰਾਨ ਐੱਸ. ਡੀ. ਐੱਮ. ਕਲਾਨੌਰ ਜਯੋਤਸਨਾ ਸਿੰਘ ਦੇ ਦਲੇਰੀ ਭਰੇ ਉਪਰਾਲੇ ਕਾਰਨ ਇਕ ਲੜਕੀ ਦੀ ਡੋਲੀ ਤੁਰ ਸਕੀ ਹੈ।
ਕਲਾਨੌਰ ਦੇ ਨਜ਼ਦੀਕ ਪਿੰਡ ਸ਼ਾਲੇ ਚੱਕ ਦੀ ਵਸਨੀਕ ਮੁਟਿਆਰ ਕਰਮੀ ਪੁੱਤਰੀ ਬੂਆ ਮਸੀਹ ਦਾ ਵਿਆਹ 28 ਅਗਸਤ ਨੂੰ ਬਟਾਲਾ ਦੇ ਇਕ ਨੌਜਵਾਨ ਨਾਲ ਹੋਣ ਨਿਯਤ ਹੋਇਆ ਸੀ। ਅਚਾਨਕ 27 ਅਗਸਤ ਦੀ ਰਾਤ ਨੂੰ ਆਏ ਹੜ੍ਹ ਕਾਰਨ ਪਿੰਡ ਸ਼ਾਲੇ ਚੱਕ ਪਾਣੀ ’ਚ ਘਿਰ ਗਿਆ। ਅਗਲੀ ਸਵੇਰ ਬੂਆ ਮਸੀਹ ਦੀ ਲੜਕੀ ਦਾ ਵਿਆਹ ਸੀ ਪਰ ਹੜ੍ਹ ਅੱਗੇ ਪਰਿਵਾਰ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਲੜਕੀ ਦਾ ਵਿਆਹ ਕਲਾਨੌਰ ਵਿਖੇ ਹੋਣਾ ਸੀ।
ਲਾੜੇ ਸਮੇਤ ਬਰਾਤ ਕਲਾਨੌਰ ਲਈ ਬਟਾਲਾ ਤੋਂ ਰਵਾਨਾ ਹੋ ਗਈ। ਓਧਰ ਅਖੀਰ ਕੋਈ ਵਾਹ ਨਾ ਚੱਲਦੀ ਦੇਖ ਕੇ ਲੜਕੀ ਦੇ ਪਿਤਾ ਬੂਆ ਮਸੀਹ ਨੇ ਆਪਣੇ ਪਿੰਡ ਦੇ ਸਰਪੰਚ ਕੋਲ ਆਪਣੀ ਮੁਸ਼ਕਲ ਦੱਸੀ। ਸਰਪੰਚ ਨੇ ਉਸੇ ਵੇਲੇ ਐੱਸ. ਡੀ. ਐੱਮ. ਕਲਾਨੌਰ ਨੂੰ ਫੋਨ ਕਰ ਕੇ ਸਹਾਇਤਾ ਮੰਗੀ।
ਐੱਸ. ਡੀ. ਐੱਮ. ਜਯੋਤਸਨਾ ਸਿੰਘ ਨੂੰ ਜਦੋਂ ਇਹ ਪਤਾ ਲੱਗਾ ਕਿ ਇਕ ਲੜਕੀ ਹੱਥੀਂ ਚੂੜਾ ਪਾ ਕੇ ਸਾਰੇ ਸ਼ਗਨ ਕਰ ਕੇ ਆਪਣੇ ਵਿਆਹ ਲਈ ਤਿਆਰ ਹੈ ਪਰ ਹੜ੍ਹ ਦਾ ਪਾਣੀ ਰਾਹ ਰੋਕੀ ਖੜ੍ਹਾ ਹੈ ਤਾਂ ਮੈਡਮ ਐੱਸ. ਡੀ. ਐੱਮ. ਤੁਰੰਤ ਐੱਨ. ਡੀ. ਆਰ. ਐੱਫ. ਦੀ ਟੀਮ ਰਾਹੀਂ ਕਿਸ਼ਤੀ ’ਚ ਸਵਾਰ ਹੋ ਕੇ ਪਿੰਡ ਸ਼ਾਲੇ ਚੱਕ ਜਾ ਪਹੁੰਚੇ।
ਐੱਸ. ਡੀ. ਐੱਮ. ਨੇ ਪਿੰਡ ਪਹੁੰਚ ਕੇ ਵਿਆਹ ਵਾਲੀ ਕੁੜੀ ਨੂੰ ਵਧਾਈ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਕਿਸ਼ਤੀ ’ਚ ਸਵਾਰ ਹੋ ਕੇ ਕਲਾਨੌਰ ਆਏ, ਜਿੱਥੇ ਪੂਰੀ ਧੂਮ-ਧਾਮ ਨਾਲ ਉਸ ਦਾ ਵਿਆਹ ਹੋ ਸਕਿਆ। ਕੁੜੀ ਦੇ ਪਰਿਵਾਰ ਨੇ ਇਸ ਔਖੇ ਵੇਲੇ ਮਦਦ ਕਰਨ ਲਈ ਜ਼ਿਲਾ ਪ੍ਰਸ਼ਾਸਨ ਅਤੇ ਐੱਸ. ਡੀ. ਐੱਮ. ਕਲਾਨੌਰ ਜਯੋਤਸਨਾ ਸਿੰਘ ਦਾ ਧੰਨਵਾਦ ਕੀਤਾ ਹੈ।
Read More : 7 ਤੱਕ ਬੰਦ ਰਹਿਣਗੇ ਵਿੱਦਿਅਕ ਅਦਾਰੇ