ਅੰਮ੍ਰਿਤਸਰ, 2 ਦਸੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਮੱਤੇਵਾੜਾ ਜੰਗਲ ਨੇੜੇ ਪਿੰਡ ਸੇਖੇਵਾਲ ਵਿਖੇ ਪੰਜਾਬ ਸਰਕਾਰ ਅਤੇ ਗਲਾਡਾ ਵੱਲੋਂ ਪਿੰਡ ਵਾਸੀਆਂ ਦੀਆਂ ਫਸਲਾਂ ਉਜਾੜ ਕੇ ਜ਼ਮੀਨ ’ਤੇ ਕਬਜ਼ਾ ਲੈਣ ਦੀ ਕਾਰਵਾਈ ਦੇ ਮਸਲੇ ’ਤੇ ਵਿਸ਼ੇਸ਼ ਤੌਰ ’ਤੇ ਜਾਇਜ਼ਾ ਲੈਣ ਪਹੁੰਚੇ।
ਇਸ ਦੌਰਾਨ ਜਥੇਦਾਰ ਗੜਗੱਜ ਨੇ ਪਿੰਡ ਦੇ ਰੰਘਰੇਟੇ ਸਿੱਖ ਭਾਈਚਾਰੇ ਖਿਲਾਫ ਪੰਜਾਬ ਸਰਕਾਰ ਵੱਲੋਂ ਕੀਤੀ ਮਾਰੂ ਕਾਰਵਾਈ ’ਤੇ ਬੋਲਦੇ ਹੋਏ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਮਨਾਉਣ ਦਾ ਦਾਅਵਾ ਕਰ ਰਹੀ ਹੈ ਅਤੇ ਦੂਸਰੇ ਪਾਸੇ ਗੁਰੂ ਸਾਹਿਬ ਦੇ ਸੀਸ ਦੇ ਸਸਕਾਰ ਦਿਵਸ ਵਾਲੇ ਦਿਨ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਵਾਰਿਸਾਂ ’ਤੇ ਜੁਲਮ ਕਰ ਕੇ ਆਪਣੀ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਕਰ ਰਹੀ ਹੈ।
ਜਥੇਦਾਰ ਗੜਗੱਜ ਕਿਹਾ ਕਿ ਮੱਤੇਵਾੜਾ ਪ੍ਰਾਜੈਕਟ ਰੱਦ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕੇ ਪਿੰਡ ਦੀ ਜਮੀਨ ਪੰਚਾਇਤ ਨੂੰ ਵਾਪਸ ਕੀਤੀ ਜਾਵੇਗੀ, ਹੁਣ ਮੋਹਾਲੀ ਦਾ ਲਖਨੌਰ ਜੰਗਲ ਉਜਾੜ ਕੇ ਵਪਾਰਕ ਘਰਾਣੇ ਨੂੰ ਦੇਣ ਤੋਂ ਬਾਅਦ ਇਥੇ ਵੱਸਦੇ ਪਿੰਡ ਦੇ ਆਬਾਦ ਖਿੱਤੇ ਨੂੰ ਜੰਗਲ ਲਾਉਣ ਲਈ ਉਜਾੜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਆਪਣੇ-ਆਪ ਵਿਚ ਹੀ ਹਾਸੋਹੀਣਾ ਵਰਤਾਰਾ ਹੈ। ਇਸ ਮੌਕੇ ਉਨ੍ਹਾਂ ਇਸ ਗੰਭੀਰ ਮਸਲੇ ’ਤੇ ਸਮੂਹ ਪੰਥ ਨੂੰ ਗਰੀਬੜੇ ਸਿੱਖਾਂ ਨਾਲ ਇਕਜੁੱਟ ਹੋ ਕੇ ਸੰਘਰਸ਼ ਵਿਚ ਸਾਥ ਦੇਣ ਲਈ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਨ ਕੇ ਗੁਰੂ ਕੇ ਰੰਘਰੇਟੇ ਸਿੱਖ ਅਤੇ ਸਮੂਹ ਸਿੱਖ ਭਾਈਚਾਰਾ ਪੰਜਾਬ ਸਮੇਤ ਪੂਰੀ ਦੁਨੀਆ ਵਿਚ ਬੈਠਾ ਹੈ ਅਤੇ ਇਨ੍ਹਾਂ ਗ਼ਰੀਬ ਸਿੱਖਾਂ ਨੂੰ ਇੱਕਲੇ ਸਮਝਣ ਦੀ ਗਲਤੀ ਨਾ ਕੀਤੀ ਜਾਵੇ, ਸਮੂਹ ਖ਼ਾਲਸਾ ਪੰਥ ਇਨ੍ਹਾਂ ਨਾਲ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਅਜਿਹੇ ਫੈਸਲਿਆਂ ’ਤੇ ਮੁੜ ਵਿਚਾਰ ਕਰੇ।
ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਆਪਣੀਆਂ ਨੀਤੀਆਂ ਨਾਲ ਗ਼ਰੀਬ ਲੋਕਾਂ ਨੂੰ ਵਸਾਉਣਾ ਅਤੇ ਉਨ੍ਹਾਂ ਲਈ ਭਲਾਈ ਦੇ ਕਾਰਜ ਕਰਨਾ ਹੁੰਦਾ ਹੈ ਨਾ ਕਿ ਉਨ੍ਹਾਂ ਨੂੰ ਉਜਾੜਨ ਦਾ।
Read More : ਬੱਬਰ ਖਾਲਸਾ ਇੰਟਰਨੈਸ਼ਨਲ ਦੇ 3 ਮੈਂਬਰਾਂ ਸਮੇਤ 5 ਗ੍ਰਿਫ਼ਤਾਰ
