ਸਮਰਾਲਾ

ਸਰਕਾਰ ਬਣਨ ’ਤੇ ਸਮਰਾਲਾ ’ਚ ਸਥਾਪਿਤ ਕਰਾਂਗੇ ‘ਵਰਲਡ ਕਲਾਸ ਸਕਿੱਲ ਯੂਨੀਵਰਸਿਟੀ’: ਸੁਖਬੀਰ ਬਾਦਲ

l ਪਰਮਜੀਤ ਢਿੱਲੋਂ ਸਮਰਾਲਾ ਹਲਕੇ ਤੋਂ ਹੋਣਗੇ ਉਮੀਦਵਾਰ

ਸਮਰਾਲਾ, 1 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ 2027 ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਮਰਾਲਾ ਵਿਖੇ ਵਿਸ਼ਵ ਪੱਧਰੀ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ‘ਸੁਖਬੀਰ ਸਿੰਘ ਬਾਦਲ ਲਿਆਓ, ਪੰਜਾਬ ਬਚਾਓ’ ਮੁਹਿੰਮ ਤਹਿਤ ਸਮਰਾਲਾ ’ਚ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਜ਼ਿਲਾ ਪੱਧਰ ’ਤੇ ਸਕਿੱਲ ਕਾਲਜ ਖੋਲ੍ਹ ਕੇ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਤਕਨੀਕੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਮਿਲ ਸਕਣ।

ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੂਬੇ ਕੋਲ 10 ਹਜ਼ਾਰ ਕਰੋੜ ਰੁਪਏ ਦਾ ਹੜ੍ਹ ਫੰਡ ਹੋਣ ਦੇ ਬਾਵਜੂਦ ਸਰਕਾਰ ਨੇ ਪੀੜਤਾਂ ਨੂੰ ਇਕ ਧੇਲਾ ਨਹੀਂ ਦਿੱਤਾ। ਉਨ੍ਹਾਂ ਵਪਾਰੀਆਂ ’ਤੇ ਹੋ ਰਹੀ ਜੀ.ਐੱਸ.ਟੀ. ਛਾਪੇਮਾਰੀ ਦੀ ਵੀ ਨਿਖੇਧੀ ਕੀਤੀ ਅਤੇ ਭਰੋਸਾ ਦਿੱਤਾ ਕਿ ਅਕਾਲੀ ਸਰਕਾਰ ਆਉਣ ’ਤੇ ਇਨ੍ਹਾਂ ਵਪਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇਗਾ।

ਵਿਰੋਧੀ ਪਾਰਟੀਆਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ, ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਦਰਦ ਦੀ ਕੋਈ ਪਰਵਾਹ ਨਹੀਂ ਹੈ। ਪੰਜਾਬ ਨੂੰ ਸਿਰਫ਼ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਬਚਾਅ ਸਕਦੀ ਹੈ। ਉਨ੍ਹਾਂ ਅਮਰੀਕਾ-ਈਰਾਨ ਜੰਗ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਤੋਂ ਮੰਗ ਕੀਤੀ ਕਿ ਉੱਥੇ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇ।

ਇਸ ਮੌਕੇ ਉਨ੍ਹਾਂ ਸਮਰਾਲਾ ਹਲਕੇ ਤੋਂ ਪਰਮਜੀਤ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨਿਆ। ਰੈਲੀ ’ਚ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਯਾਦਵਿੰਦਰ ਸਿੰਘ ਯਾਦੂ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।

Read More : ਦੁਬਈ ’ਚ ਫਸੀ ਬਠਿੰਡਾ ਦੀ ਪ੍ਰਿੰਸੀਪਲ ਨੇ ਵੀਡੀਓ ਜਾਰੀ ਕਰ ਕੇ ਮੰਗੀ ਮਦਦ

Leave a Reply

Your email address will not be published. Required fields are marked *