ਕਿਹਾ-ਅਕਾਲੀ ਨੌਜਵਾਨਾਂ ਨੂੰ ਡਾਇਨਾਸੌਰ ਯੁੱਗ ’ਚ ਖਿੱਚਣਾ ਚਾਹੁੰਦੇ
ਧੂਰੀ, 21 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਸੂਬਾ ਸਰਕਾਰ ਪੰਜਾਬੀ ਨੌਜਵਾਨਾਂ ਨੂੰ ਡਾਕਟਰ ਅਤੇ ਇੰਜਨੀਅਰ ਬਣਾ ਕੇ ਭਵਿੱਖੀ ਜ਼ਰੂਰਤਾਂ ਲਈ ਤਿਆਰ ਕਰਨ ਲਈ ਸਖ਼ਤ ਯਤਨ ਕਰ ਰਹੀ ਹੈ, ਉੱਥੇ ਅਕਾਲੀ ਦਲ ਸੂਬੇ ਨੂੰ ਡਾਇਨਾਸੌਰ ਯੁੱਗ ’ਚ ਵਾਪਸ ਖਿੱਚਣ ’ਤੇ ਤੁਲਿਆ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਡਾਕਟਰ ਅਤੇ ਇੰਜਨੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਹ ਜ਼ਿੰਦਗੀ ’ਚ ਸਫ਼ਲ ਹੋ ਸਕਣ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਜਿਸ ਨੇ ਸੂਬੇ ’ਚ ਨਸ਼ੇ ਲਿਆ ਕੇ ਨੌਜਵਾਨਾਂ ਨੂੰ ਬਰਬਾਦ ਕੀਤਾ ਸੀ, ਸੂਬੇ ਨੂੰ ਡਾਇਨਾਸੌਰ ਯੁੱਗ ’ਚ ਵਾਪਸ ਲੈ ਜਾਣਾ ਚਾਹੁੰਦਾ ਹੈ।
ਵਿਅੰਗ ਭਰੇ ਲਹਿਜ਼ੇ ’ਚ ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਦਾ ‘ਡਾਇਨਾਸੌਰ’ ਅਸਲ ’ਚ ਹਵਾ ਨਾਲ ਭਰਿਆ ਇਕ ਪਲਾਸਟਿਕ ਦਾ ਖਿਡੌਣਾ ਹੈ, ਜਿਸ ਨੂੰ ਲੋਕ ਜਲਦੀ ਉਡਾ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ’ਚ ਹਾਲ ਹੀ ’ਚ ਹੋਈਆਂ ਮੈਗਾ ਅਧਿਆਪਕ-ਮਾਪੇ ਮਿਲਣੀਆਂ ’ਚ 23.3 ਲੱਖ ਮਾਪਿਆਂ ਦੀ ਸ਼ਮੂਲੀਅਤ ਬਹੁਤ ਵਧੀਆ ਸੰਕੇਤ ਹੈ, ਜੋ ਪੰਜਾਬ ਦੇ ਉੱਜਵਲ ਭਵਿੱਖ ਨੂੰ ਦਰਸਾਉਂਦੀ ਹੈ।
ਨਿਊਜ਼ੀਲੈਂਡ ’ਚ ਨਗਰ ਕੀਰਤਨ ਦੇ ਵਿਰੋਧ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਮਾਮਲਾ ਨਿਊਜ਼ੀਲੈਂਡ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਿਊਜ਼ੀਲੈਂਡ ਇਕ ਪੜ੍ਹਿਆ-ਲਿਖਿਆ ਦੇਸ਼ ਹੈ ਪਰ ਪਰਵਾਸ ਦਾ ਮੁੱਦਾ ਵਿਸ਼ਵਵਿਆਪੀ ਚਿੰਤਾ ਬਣ ਗਿਆ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਧੂਰੀ ਵਿਧਾਨ ਸਭਾ ਹਲਕੇ ਦੀਆਂ ਪੰਚਾਇਤਾਂ ਨਾਲ ਮੀਟਿੰਗ ਕੀਤੀ ਅਤੇ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਜ਼ਿਲਾ ਪ੍ਰੀਸ਼ਦਾਂ ਅਤੇ ਬਲਾਕ ਸਮਿਤੀਆਂ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਜਨਵਰੀ ਦੇ ਪਹਿਲੇ ਹਫ਼ਤੇ ਹੋਵੇਗਾ, ਜਿਸ ਤੋਂ ਬਾਅਦ ਮਗਸੀਪਾ (ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ) ਵਿਖੇ ਉਨ੍ਹਾਂ ਦੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਬਾਰੇ ਸਿਖਲਾਈ ਸੈਸ਼ਨ ਹੋਣਗੇ। ਭਗਵੰਤ ਮਾਨ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਵਿਕਾਸ ਕਾਰਜ ਤੇਜ਼ੀ ਨਾਲ ਅੱਗੇ ਵਧ ਰਹੇ ਹਨ, ਜੋ ਸਕਾਰਾਤਮਕ ਸੰਕੇਤ ਹੈ ਕਿਉਂਕਿ ਪਹਿਲੀ ਵਾਰ ਹਰ ਪਿੰਡ ’ਚ ਵਿਕਾਸ ਕਾਰਜ ਸਰਗਰਮੀ ਨਾਲ ਚੱਲ ਰਹੇ ਹਨ।
Read More : ਕੇਂਦਰ ਸਰਕਾਰ ‘ਜੀ ਰਾਮ ਜੀ’ ਸਕੀਮ ’ਤੇ ਮੁੜ ਵਿਚਾਰ ਕਰੇ : ਪ੍ਰੋ. ਚੰਦੂਮਾਜਰਾ
