ਚੰਡੀਗੜ੍ਹ, 4 ਨਵੰਬਰ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਰਹੂਮ ਕੇਂਦਰੀ ਮੰਤਰੀ ਬੂਟਾ ਸਿੰਘ ਬਾਰੇ ਕੀਤੀ ਟਿੱਪਣੀ ਨੂੰ ਸਿਰਫ਼ ਇਕ ਗ਼ਲਤੀ ਦੀ ਬਜਾਏ ਜਾਤੀਵਾਦੀ ਹੰਕਾਰ ਤੋਂ ਪੈਦਾ ਹੋਇਆ ਜੁਰਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਘੇਰੇ ਜਾਣ ਤੋਂ ਬਾਅਦ ਰਾਜਾ ਵੜਿੰਗ ਵੱਲੋਂ ਮੰਗੀ ਗਈ ਮੁਆਫ਼ੀ ਸਿਰਫ਼ ਮੁੱਦਾ ਦਫ਼ਨ ਕਰਨ ਦੀ ਕੋਸ਼ਿਸ਼ ਹੈ।
ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਹਰਪਾਲ ਸਿੰਘ ਚੀਮਾ ਕਿਹਾ ਕਿ ਵੜਿੰਗ ਨੂੰ ਲੰਬਾ ਰਾਜਨੀਤਿਕ ਤਜਰਬਾ ਹੈ। ਉਹ ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ, ਤਿੰਨ ਵਾਰ ਵਿਧਾਇਕ, ਕੈਬਨਿਟ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਹਨ।
ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੀ ਬਿਹਤਰ ਜਾਣਕਾਰੀ ਹੋਣੀ ਚਾਹੀਦੀ ਹੈ। ਇੰਨੇ ਡੂੰਘੇ ਤਜਰਬੇ ਵਾਲੇ ਵਿਅਕਤੀ ਵੱਲੋਂ ਕਿਸੇ ਪ੍ਰਮੁੱਖ ਸਿਆਸੀ ਸ਼ਖ਼ਸੀਅਤ ਨੂੰ ਉਸ ਦੀ ਜਾਤ ਦੇ ਆਧਾਰ ’ਤੇ ਨਿਸ਼ਾਨਾ ਬਣਾਉਣਾ ਕੋਈ ਗ਼ਲਤੀ ਨਹੀਂ ਸਗੋਂ ਇਹ ਜਾਤੀਵਾਦੀ ਹੰਕਾਰ ਤੋਂ ਪੈਦਾ ਹੋਇਆ ਅਜਿਹਾ ਅਪਰਾਧ ਹੈ, ਜਿਸ ਨੇ ਅਣਗਿਣਤ ਲੋਕਾਂ ਦੇ ਹਿਰਦਿਆਂ ਨੂੰ ਬੁਰੀ ਤਰ੍ਹਾਂ ਵਲੂੰਧਰਿਆ ਹੈ ਤੇ ਕਾਨੂੰਨੀ ਸਜ਼ਾ ਦਾ ਹੱਕਦਾਰ ਹੈ।
ਉਨ੍ਹਾਂ ਕਿਹਾ ਕਿ ਬੂਟਾ ਸਿੰਘ ਕੋਈ ਆਮ ਵਿਅਕਤੀ ਨਹੀਂ ਸਨ ਸਗੋਂ ਉਹ ਬਹੁਤ ਪੜ੍ਹੇ-ਲਿਖੇ (ਐੱਮ. ਏ., ਪੀਐੱਚ. ਡੀ.) ਤੇ ਰਾਜਾ ਵੜਿੰਗ ਦੀ ਆਪਣੀ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਸਨ। ਉਨ੍ਹਾਂ ਨੇ ਅਧਿਆਪਕ ਅਤੇ ਪੱਤਰਕਾਰ ਵਜੋਂ ਸੇਵਾ ਕਰਨ ਤੋਂ ਬਾਅਦ ਦੇਸ਼ ਦੇ ਇਕ ਸ਼ਕਤੀਸ਼ਾਲੀ ਕੇਂਦਰੀ ਗ੍ਰਹਿ ਮੰਤਰੀ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ। ਅਜਿਹੀ ਮਹਾਨ ਸ਼ਖ਼ਸੀਅਤ ਦਾ ਉਨ੍ਹਾਂ ਦੀ ਆਪਣੀ ਪਾਰਟੀ ਦੇ ਇਕ ਜਾਤੀਵਾਦੀ ਹੰਕਾਰੀ ਆਗੂ ਵੱਲੋਂ ਜਾਤੀ ਆਧਾਰਿਤ ਅਪਮਾਨ ਕਰਨਾ ਬੇਹੱਦ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸੀ ਆਗੂਆਂ ਨੇ ਡਾ. ਬੀ. ਆਰ. ਅੰਬੇਡਕਰ ਵੱਲੋਂ ਰਚਿਤ ਸੰਵਿਧਾਨ ਵੱਲੋਂ ਦਿੱਤੇ ਅਧਿਕਾਰਾਂ ਦੀ ਵਰਤੋਂ ਕਰ ਕੇ ਮਿਹਨਤ ਨਾਲ ਉੱਚ ਅਹੁਦਿਆਂ ’ਤੇ ਪਹੁੰਚੇ ਵਿਅਕਤੀਆਂ ਪ੍ਰਤੀ ਅਪਮਾਨਜਨਕ ਰਵੱਈਆ ਦਿਖਾਇਆ ਹੋਵੇ।
ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਆਗੂ ਸੁਨੀਲ ਜਾਖੜ ਵੱਲੋਂ ਸਾਥੀ ਪਾਰਟੀ ਆਗੂ ਵਿਰੁੱਧ ਪਹਿਲਾਂ ਦਿੱਤੇ ਗਏ ਜਾਤੀਵਾਦੀ ਬਿਆਨਾਂ ਦਾ ਹਵਾਲਾ ਦਿੱਤਾ, ਜਿਥੇ ਇਹ ਟਿੱਪਣੀ ਕੀਤੀ ਗਈ ਸੀ ਕਿ ਜੇਕਰ ਪੰਜਾਬ ’ਚ ਟੱਟੂ ਦੀ ਬਜਾਏ ਅਰਬੀ ਘੋੜੇ ’ਤੇ ਦਾਅ ਲਾਇਆ ਜਾਂਦਾ ਤਾਂ ਨਤੀਜੇ ਵੱਖਰੇ ਹੋਣੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਦੇ ਅਜਿਹੇ ਬਿਆਨ ਪਾਰਟੀ ’ਚ ਮੌਜੂਦ ਜਾਤੀ ਆਧਾਰਿਤ ਹੰਕਾਰੀ ਆਗੂਆਂ ਨੂੰ ਬੇਨਕਾਬ ਕਰਦੇ ਹਨ।
Read More : ਕੁਲਦੀਪ ਯਾਦਵ ਨੂੰ ਟੀ-20 ਸੀਰੀਜ਼ ਤੋਂ ਰਿਲੀਜ਼
