ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਤਿਆਰੀਆਂ ਸਬੰਧੀ ਕੀਤੀ ਮੀਟਿੰਗ; ਦੇਸ਼-ਵਿਦੇਸ਼ ਦੀਆਂ ਸ਼ਖਸੀਅਤਾਂ ਲੈਣਗੀਆਂ ਹਿੱਸਾ
ਚੰਡੀਗੜ੍ਹ, 3 ਮਾਰਚ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ 22 ਮਾਰਚ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ (ਗੜ੍ਹਸ਼ੰਕਰ) ਵਿਖੇ ਇੱਕ ਵਿਸ਼ਾਲ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ’ ਕਰਵਾਈ ਜਾ ਰਹੀ ਹੈ। ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਅੱਜ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਡਿਪਟੀ ਸਪੀਕਰ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਇਹ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਖਟਕੜ ਕਲਾਂ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਤੋਂ ਇੱਕ ਦਿਨ ਪਹਿਲਾਂ ਇਹ ਮੈਰਾਥਨ ਕਰਵਾਈ ਜਾਵੇਗੀ।
ਇਸ ਮੈਰਾਥਨ ਵਿੱਚ 5, 10, 21 ਅਤੇ 42 ਕਿਲੋਮੀਟਰ ਦੀਆਂ ਵੱਖ-ਵੱਖ ਦੌੜਾਂ ਹੋਣਗੀਆਂ। ਇਸ ਵਿੱਚ ਬੱਚੇ, ਨੌਜਵਾਨ, ਬਜ਼ੁਰਗ ਅਤੇ ਦਿਵਿਆਂਗ ਵਿਅਕਤੀ ਵੀ ਹਿੱਸਾ ਲੈ ਸਕਣਗੇ। ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਖੇਡ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਐਸ.ਆਰ.ਐਸ.ਐਫ. (SRSF) ਐਨਜੀਓ ਦਾ ਸਹਿਯੋਗ ਲਿਆ ਜਾ ਰਿਹਾ ਹੈ।
ਇਸ ਮੀਟਿੰਗ ਵਿਚ ਪਰਮਿੰਦਰ ਸਿੰਘ ਗੋਲਡੀ ਚੇਅਰਮੈਨ, ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਡਾ. ਐਸ.ਪੀ. ਅਨੰਦ ਕੁਮਾਰ ਆਈ.ਏ.ਐਸ, ਹਰਪ੍ਰੀਤ ਸਿੰਘ ਸੂਦਨ ਡਾਇਰੈਕਟਰ ਖੇਡਾਂ, ਦਮਪ੍ਰੀਤ ਵਾਲੀਆ ਆਈ.ਏ.ਐਸ, ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਚਰੂ ਮੀਤਾ, ਸੁਖਪ੍ਰੀਤ ਸਿੰਘ ਸਿੱਧੂ, ਤੇਜਦੀਪ ਸਿੰਘ ਸੈਣੀ, ਮੇਜਰ ਸਿੰਘ ਐਸ.ਪੀ. ਹੁਸ਼ਿਆਰਪੁਰ, ਗੌਤਮ ਕਪੂਰ ਲੋਕ ਸੰਪਰਕ ਅਫਸ, ਰਾਜੇਸ਼ ਬਖ਼ਸ਼ੀ, ਕੁਲਵੰਤ ਸਿੰਘ ਸੰਘਾ, ਅਰਵਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਸਾਜਨ ਸ਼ਰਮਾ, ਲਕਸ਼ੈ ਭਾਰਤੀ, ਰਾਮ ਲੋਕ ਖਟਾਣਾ ਅਤੇ ਮੋਹਿਤ ਅੱਤਰੀ ਸਮੇਤ ਕਈ ਹੋਰ ਉੱਚ ਅਧਿਕਾਰੀ ਹਾਜ਼ਰ ਸਨ।
ਡਿਪਟੀ ਸਪੀਕਰ ਨੇ ਸਮੂਹ ਪੰਜਾਬੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਅਤੇ ਨਸ਼ਾ ਮੁਕਤ ਪੰਜਾਬ ਸਿਰਜਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।
Read More : ਗਰਮੀ ਦਾ ਕਹਿਰ ਸ਼ੁਰੂ: ਤਾਪਮਾਨ ਵਿਚ 4.3 ਡਿਗਰੀ ਦਾ ਵਾਧਾ ਦਰਜ
