‘ਆਪ’ ਬੁਲਾਰੇ ਨੇ ਸਾਂਝੇ ਕੀਤੇ ਅੰਕੜੇ; ਕਿਹਾ– ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਫੈਲਿਆ ਜਾਲ, ਮਾਨ ਸਰਕਾਰ ਨੇ ਤੋੜੀ ਸਪਲਾਈ ਚੇਨ
ਚੰਡੀਗੜ੍ਹ, 3 ਮਾਰਚ : ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਇੱਕ ਸਾਲ ਪੂਰੇ ਹੋਣ ਮੌਕੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਨੇ ਸੂਬੇ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੇ ਅਧਿਕਾਰਤ ਅੰਕੜੇ ਪੇਸ਼ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨਸ਼ਿਆਂ ਵਿਰੁੱਧ ਜਿਸ ਯੋਜਨਾਬੱਧ ਢੰਗ ਨਾਲ ਲੜ ਰਿਹਾ ਹੈ, ਉਸ ਦੀ ਮਿਸਾਲ ਪੂਰੀ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ।
ਪਿਛਲੇ ਇੱਕ ਸਾਲ ਦੀ ਰਿਪੋਰਟ ਸਾਂਝੀ ਕਰਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ ਸੂਬੇ ਵਿੱਚ 36,178 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 51,648 ਗ੍ਰਿਫ਼ਤਾਰੀਆਂ ਅੰਜਾਮ ਦਿੱਤੀਆਂ ਗਈਆਂ ਹਨ। ਇਸ ਦੌਰਾਨ 16.70 ਕਰੋੜ ਰੁਪਏ ਦੀ ਨਸ਼ੀਲੀ ਮਨੀ ਵੀ ਬਰਾਮਦ ਕੀਤੀ ਗਈ ਹੈ। ਪੰਜਾਬ ਨੇ ਦੇਸ਼ ਭਰ ਵਿੱਚ ਸਭ ਤੋਂ ਵੱਧ ਬਰਾਮਦਗੀ ਦਰਜ ਕਰਦਿਆਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ, ਜਿਨ੍ਹਾਂ ਵਿੱਚ 2,276.98 ਕਿਲੋ ਹੈਰੋਇਨ, 29,299 ਕਿਲੋ ਭੁੱਕੀ, 686 ਕਿਲੋ ਅਫੀਮ, 807.96 ਕਿਲੋ ਗਾਂਜਾ, 36.47 ਕਿਲੋ ਆਈਸ, 68 ਕਿਲੋ ਚਰਸ ਅਤੇ 4.46 ਕਿਲੋ ਕੋਕੀਨ ਸ਼ਾਮਲ ਹੈ। ਇਸ ਤੋਂ ਇਲਾਵਾ 50,000 ਨਸ਼ੀਲੀਆਂ ਗੋਲੀਆਂ ਅਤੇ 1,985 ਟੀਕੇ ਵੀ ਫੜੇ ਗਏ ਹਨ।
ਮੁਹਿੰਮ ਨੂੰ ਲੋਕ-ਲਹਿਰ ਬਣਾਉਣ ਲਈ ਪੰਜਾਬ ਨੂੰ 5 ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਪਿੰਡ ਪੱਧਰ ‘ਤੇ ਵਿਲੇਜ਼ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ। ਕਮੇਟੀ ਮੈਂਬਰਾਂ ਨੂੰ ਇੱਕ ਵਿਸ਼ੇਸ਼ ਅਤੇ ਸੁਰੱਖਿਅਤ ਐਪ ਦਿੱਤੀ ਗਈ ਹੈ, ਜਿਸ ਰਾਹੀਂ ਉਹ ਸਿੱਧੀ ਸ਼ਿਕਾਇਤ ਪੁਲਿਸ ਹੈੱਡਕੁਆਰਟਰ ਨੂੰ ਭੇਜ ਸਕਦੇ ਹਨ। ਹੁਣ ਤੱਕ ਅਜਿਹੀਆਂ 2,000 ਤੋਂ ਵੱਧ ਸ਼ਿਕਾਇਤਾਂ ‘ਤੇ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ।
ਪੰਨੂ ਨੇ ਕਿਹਾ ਕਿ ਹੁਣ ਨਸ਼ਾ ਛੁਡਾਊ ਕੇਂਦਰ ਸਿਰਫ਼ ਜੇਲ੍ਹਾਂ ਵਾਂਗ ਨਹੀਂ ਰਹੇ, ਸਗੋਂ ਉੱਥੇ ਨੌਜਵਾਨਾਂ ਨੂੰ ਪਲੰਬਿੰਗ, ਇਲੈਕਟ੍ਰੀਕਲ ਅਤੇ ਹੋਰ ਕਿੱਤਾਮੁਖੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਨਮਾਨ ਨਾਲ ਸਮਾਜ ਵਿੱਚ ਵਾਪਸ ਆ ਸਕਣ।
ਸਿਆਸੀ ਪੱਖ ਤੋਂ ਬਲਤੇਜ ਪੰਨੂ ਨੇ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ 2007 ਤੋਂ 2022 ਤੱਕ ਰਾਜਨੀਤਿਕ ਸਰਪ੍ਰਸਤੀ ਅਤੇ ਲਾਪਰਵਾਹੀ ਕਾਰਨ ਨਸ਼ੇ ਦਾ ਨੈੱਟਵਰਕ ਫੈਲਿਆ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ ਕਿ ਉਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਕੋਈ ਨਤੀਜਾ ਨਹੀਂ ਦਿੱਤਾ।
ਪੰਨੂ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਦੀ ਸਖ਼ਤੀ ਕਾਰਨ ਹੁਣ ਤਸਕਰ ਪੰਜਾਬ ਛੱਡ ਕੇ ਭੱਜ ਰਹੇ ਹਨ ਅਤੇ ਬੰਦ ਪਏ ਘਰ ਇਸ ਸਖ਼ਤ ਪੁਲਿਸਿੰਗ ਦਾ ਸਬੂਤ ਹਨ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬ ਜਲਦੀ ਹੀ ‘ਉੜਤਾ ਪੰਜਾਬ’ ਦੀ ਬਜਾਏ ‘ਰੰਗਲਾ ਪੰਜਾਬ’ ਵਜੋਂ ਪਛਾਣਿਆ ਜਾਵੇਗਾ।
Read More : ਸੀਜੀਸੀ ਯੂਨੀਵਰਸਿਟੀ ਵਿਖੇ ‘ਵਿਸਤੋਸੋ 2026’ ਦੀ ਧੂਮ; ਜੈਸਮੀਨ ਸੈਂਡਲਸ ਤੇ ਗੁਰਨਾਮ ਭੁੱਲਰ ਨੇ ਬੰਨ੍ਹਿਆ ਸਮਾਂ
