ਮਲਬੇ ’ਚੋਂ ਕੁਲ 10-12 ਲੋਕਾਂਨੂੰ ਬਚਾਇਆ
ਨਵੀਂ ਦਿੱਲੀ, 15 ਅਗਸਤ : ਦਿੱਲੀ ਦੇ ਨਿਜ਼ਾਮੂਦੀਨ ਇਲਾਕੇ ’ਚ ਹੁਮਾਯੂੰ ਦੇ ਮਕਬਰੇ ਨੇੜੇ ਸ਼ੁਕਰਵਾਰ ਸ਼ਾਮ ਨੂੰ ਇਕ ਦਰਗਾਹ ਦੀ ਕੰਧ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਕੁਲ 9 ਜ਼ਖਮੀਆਂ ਨੂੰ ਏਮਜ਼ ਟਰਾਮਾ ਸੈਂਟਰ ਭੇਜਿਆ ਗਿਆ ਹੈ ਅਤੇ ਇਕ ਨੂੰ ਐਲ.ਐਨ.ਜੇ.ਪੀ. ਹਸਪਤਾਲ ਲਿਜਾਇਆ ਗਿਆ ਹੈ।
ਸੰਯੁਕਤ ਪੁਲਿਸ ਕਮਿਸ਼ਨਰ ਸੰਜੇ ਕੁਮਾਰ ਜੈਨ ਨੇ ਦਸਿਆ ਕਿ ‘ਹੁਣ ਤੱਕ ਸਾਨੂੰ ਪਤਾ ਲੱਗਾ ਹੈ ਕਿ ਏਮਜ਼ ਦੇ ਟਰਾਮਾ ਸੈਂਟਰ ’ਚ ਇਲਾਜ ਅਧੀਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਾਕੀਆਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਅਸੀਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸ਼ੁੱਕਰਵਾਰ ਦੀ ਨਮਾਜ਼ ਲਈ ਦਰਗਾਹ ਜਾ ਰਹੇ ਸਨ ਅਤੇ ਮੀਂਹ ਕਾਰਨ ਕਮਰੇ ਦੇ ਅੰਦਰ ਬੈਠੇ ਸਨ ਜਦੋਂ ਇਹ ਘਟਨਾ ਵਾਪਰੀ।
ਪੁਲਿਸ ਨੇ ਦੱਸਿਆ ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ ਅਤੇ ਦੁਪਹਿਰ 3:55 ਵਜੇ ਘਟਨਾ ਬਾਰੇ ਫੋਨ ਆਉਣ ਤੋਂ ਬਾਅਦ ਮਲਬੇ ’ਚੋਂ ਕੁਲ 10 ਤੋਂ 12 ਪੀੜਤਾਂ ਨੂੰ ਬਚਾਇਆ ਗਿਆ। ਘਟਨਾ ਤੋਂ ਬਾਅਦ ਦਿੱਲੀ ਫਾਇਰ ਸਰਵਿਸਿਜ਼ (ਡੀ.ਐਫ.ਐਸ.), ਦਿੱਲੀ ਪੁਲਿਸ, ਐਨ.ਡੀ.ਆਰ.ਐਫ. ਅਤੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐਮ.ਏ.) ਸਮੇਤ ਕਈ ਬਚਾਅ ਏਜੰਸੀਆਂ ਨੂੰ ਸੇਵਾ ਵਿਚ ਲਗਾਇਆ ਗਿਆ ਸੀ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਐਨ.ਡੀ.ਆਰ.ਐਫ. ਵੀ ਬਚਾਅ ਕਾਰਜਾਂ ਵਿਚ ਸ਼ਾਮਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਟੇਸ਼ਨ ਹਾਊਸ ਅਫਸਰ ਅਤੇ ਸਥਾਨਕ ਸਟਾਫ ਪੰਜ ਮਿੰਟ ਦੇ ਅੰਦਰ ਉੱਥੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤਾ। ਕੁੱਝ ਦੇਰ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਕੈਟਸ ਐਂਬੂਲੈਂਸ ਵੀ ਮੌਕੇ ਉਤੇ ਪਹੁੰਚ ਗਈ।
ਡੀ.ਐਫ.ਐਸ. ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁਰੂ ਵਿਚ ਕਿਹਾ ਸੀ ਕਿ ਕਬਰ ਉਤੇ ਗੁੰਬਦ ਦਾ ਇਕ ਹਿੱਸਾ ਡਿੱਗਣ ਬਾਰੇ ਇਕ ਫੋਨ ਆਇਆ ਸੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਤੁਰਤ ਮੌਕੇ ਉਤੇ ਪਹੁੰਚੀਆਂ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਸ ਘਟਨਾ ਵਿਚ 16ਵੀਂ ਸਦੀ ਦੀ ਯਾਦਗਾਰ ਦਾ ਮੁੱਖ ਗੁੰਬਦ ਸ਼ਾਮਲ ਨਹੀਂ ਸੀ, ਬਲਕਿ ਇਸ ਦੇ ਕੰਪਲੈਕਸ ਵਿਚ ਇਕ ਛੋਟਾ ਕਮਰਾ ਸੀ।
Read More : ਸੁੱਤੇ ਪਏ ਭਤੀਜੇ ਦਾ ਸਕੇ ਚਾਚੇ ਨੇ ਕੀਤਾ ਕਤਲ