Department Language

ਸ਼ਹੀਦੀ ਸ਼ਤਾਬਦੀ ਸਬੰਧੀ ਭਾਸ਼ਾ ਵਿਭਾਗ ਦੇ ਸਮਾਗਮ ’ਚ ਮਰਿਯਾਦਾ ਦਾ ਉਲੰਘਣ ਦੁੱਖਦਾਈ : ਧਾਮੀ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਸਰਵਉੱਚ ਤੇ ਲਾਸਾਨੀ ਹੈ।

ਅੰਮ੍ਰਿਤਸਰ, 25 ਜੁਲਾਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ੍ਰੀਨਗਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸੈਮੀਨਾਰ ਦੌਰਾਨ ਨੱਚ-ਗਾ ਕੇ ਕੀਤੇ ਮਨੋਰੰਜਨ ਪ੍ਰਦਰਸ਼ਨਾਂ ਦੀ ਸਖ਼ਤ ਨਿੰਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਸਮਾਗਮ ਵਿਚ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਪਵਿੱਤਰ ਸ਼ਹਾਦਤ ਦੀ ਭਾਵਨਾ ਵਿਰੁੱਧ ਪੇਸ਼ਕਾਰੀਆਂ ਕੀਤੀਆਂ ਗਈਆਂ ਉਸ ਨਾਲ ਸ਼ਹਾਦਤ ਦੇ ਸੰਕਲਪ ਦੇ ਨਾਲ ਨਾਲ ਗੁਰਮਤਿ ਮਰਿਆਦਾ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਭਾਰੀ ਸੱਟ ਵੱਜੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਸਰਵਉੱਚ ਤੇ ਲਾਸਾਨੀ ਹੈ। ਇਸ ਲਈ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਕਰਵਾਏ ਜਾਣ ਵਾਲੇ ਹਰ ਸਮਾਗਮ ਦੀ ਰੂਪਰੇਖਾ ਸਿੱਖ ਮਰਿਆਦਾ, ਸ਼ਰਧਾ, ਸੰਜਮ ਅਤੇ ਗੁਰਬਾਣੀ ਦੇ ਸਤਿਕਾਰ ਦੀ ਭਾਵਨਾ ਦੇ ਅਨੁਕੂਲ ਹੋਣੀ ਲਾਜ਼ਮੀ ਹੈ ਪਰ ਭਾਸ਼ਾ ਵਿਭਾਗ ਪੰਜਾਬ ਨੇ ਇਸ ਮੌਕੇ ਨੂੰ ਮਨੋਰੰਜਨ ਦਾ ਸਾਧਨ ਬਣਾ ਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ’ਤੇ ਗਹਿਰੀ ਸੱਟ ਮਾਰੀ ਹੈ।

ਐਡਵੋਕੇਟ ਧਾਮੀ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਗੁਰਪੁਰਬ ਕੋਈ ਸਧਾਰਣ ਜਸ਼ਨ ਜਾਂ ਮਨੋਰੰਜਨਕ ਤਿਉਹਾਰ ਨਹੀਂ, ਸਗੋਂ ਆਤਮਕ ਜਾਗਰੂਕਤਾ ਅਤੇ ਗੁਰਮਤਿ ਸਿਧਾਂਤਾਂ ਨੂੰ ਸਮਰਪਿਤ ਸਮਾਗਮ ਹਨ। ਇਨ੍ਹਾਂ ਵਿੱਚ ਸ਼ਬਦ ਕੀਰਤਨ, ਗੁਰਮਤਿ ਚਿੰਤਨ, ਗੁਰਬਾਣੀ ਪਾਠ, ਸੇਵਾ ਅਤੇ ਸਿਮਰਨ ਵਰਗੀਆਂ ਪਵਿੱਤਰ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ। ਨੱਚਣਾ ਗਾਉਣਾ ਜਾਂ ਹੋਰ ਮਨੋਰੰਜਨਕ ਪ੍ਰਦਰਸ਼ਨ ਨਾ ਸਿਰਫ਼ ਗੁਰਮਤਿ ਦੇ ਸਿਧਾਂਤਾਂ ਦੀ ਉਲੰਘਣਾ ਹਨ, ਸਗੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਬੇਅਦਬੀ ਵੀ ਹਨ।

ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਨੂੰ ਇਸ ਗੰਭੀਰ ਅਣਗਹਿਲੀ ਲਈ ਜਨਤਕ ਮੁਆਫ਼ੀ ਮੰਗਣ ਲਈ ਆਖਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਪੱਸ਼ਟ ਅਤੇ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਪਵਿੱਤਰ ਪਰੰਪਰਾਵਾਂ ਅਤੇ ਗੁਰੂ ਸਾਹਿਬਾਨ ਦੀ ਮਰਿਆਦਾ ਨਾਲ ਕਿਸੇ ਵੀ ਕਿਸਮ ਦੀ ਬੇਅਦਬੀ ਸਿੱਖ ਕੌਮ ਕਦੇ ਵੀ ਸਹਿਣ ਨਹੀਂ ਕਰੇਗੀ।

Read More : ਪੰਜਾਬ ਵਿਧਾਨ ਸਭਾ ਚੋਣਾਂ ’ਚ ਭਾਜਪਾ 117 ਸੀਟਾਂ ’ਤੇ ਲੜੇਗੀ ਚੋਣ : ਅਸ਼ਵਨੀ ਸ਼ਰਮਾ

Leave a Reply

Your email address will not be published. Required fields are marked *