ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ’ਚ ਚਲ ਰਹੀ ਭ੍ਰਿਸ਼ਟਾਚਾਰ ਦੀ ਜਾਂਚ ਕਾਰਨ ਲਾਈ ਰੋਕ
ਫਰੀਦਕੋਟ, 24 ਜੂਨ : ਵਿਜੀਲੈਂਸ ਬਿਊਰੋ ਨੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੂੰ ਲੰਡਨ ਜਾਣ ਤੋਂ ਰੋਕ ਦਿੱਤਾ ਹੈ। ਇਹ ਕਾਰਵਾਈ ਯੂਨੀਵਰਸਿਟੀ ਵਿਚ ਚੱਲ ਰਹੀ ਭ੍ਰਿਸ਼ਟਾਚਾਰ ਦੀ ਜਾਂਚ ਦੌਰਾਨ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ‘ਤੇ ਵਿਜੀਲੈਂਸ ਬਿਊਰੋ ਕਰੋੜਾਂ ਰੁਪਏ ਦੀ ਮਸ਼ੀਨਰੀ ਦੀ ਖ਼ਰੀਦ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਚ ਟੈਂਡਰ ਅਲਾਟਮੈਂਟ ਦੀ ਜਾਂਚ ਕਰ ਰਿਹਾ ਹੈ। ਡਾ. ਸੂਦ ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਨੂੰ ਮਿਲਣ ਲੰਡਨ ਜਾ ਰਹੇ ਸਨ। ਵਿਜੀਲੈਂਸ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਯਾਤਰਾ ਕਰਨ ਤੋਂ ਰੋਕ ਦਿੱਤਾ।
ਡਾ. ਸੂਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਈ ਵਿਚ ਹੀ ਰਾਜਪਾਲ ਦਫ਼ਤਰ ਨੂੰ ਵਿਦੇਸ਼ ਯਾਤਰਾ ਲਈ ਅਰਜ਼ੀ ਦਿੱਤੀ ਸੀ। ਨਿਯਮ ਅਨੁਸਾਰ ਜੇਕਰ ਤਿੰਨ ਹਫ਼ਤਿਆਂ ਦੇ ਅੰਦਰ ਕੋਈ ਜਵਾਬ ਨਹੀਂ ਮਿਲਦਾ, ਤਾਂ ਅਰਜ਼ੀ ਨੂੰ ਸਵੀਕਾਰ ਮੰਨਿਆ ਜਾਂਦਾ ਹੈ। ਇਸ ਆਧਾਰ ‘ਤੇ ਉਹ ਯਾਤਰਾ ਦੀ ਤਿਆਰੀ ਕਰ ਰਹੇ ਸਨ। ਵਿਜੀਲੈਂਸ ਨੇ ਉਨ੍ਹਾਂ ਤੋਂ ਯਾਤਰਾ ਲਈ ਪ੍ਰਵਾਨਗੀ ਪੱਤਰ ਮੰਗਿਆ, ਜੋ ਉਨ੍ਹਾਂ ਕੋਲ ਨਹੀਂ ਸੀ।
ਡਾ. ਸੂਦ ਨੇ ਕਿਹਾ ਕਿ ਉਹ ਵਿਜੀਲੈਂਸ ਜਾਂਚ ਵਿਚ ਪੂਰਾ ਸਹਿਯੋਗ ਕਰ ਰਹੇ ਹਨ। ਵਿਜੀਲੈਂਸ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।
Read More : ‘ਆਪ੍ਰੇਸ਼ਨ ਸਿੰਧੂ’ : ਈਰਾਨ ਤੋਂ 290 ਭਾਰਤੀ ਅਤੇ ਇਕ ਸ਼੍ਰੀਲੰਕਾਈ ਨਾਗਰਿਕ ਨੂੰ ਕੱਢਿਆ