Vigilance Team

ਮਜੀਠੀਆ ਨੂੰ ਮਜੀਠਾ ਲੈ ਕੇ ਪਹੁੰਚੀ ਵਿਜੀਲੈਂਸ

ਗਨੀਵ ਕੌਰ ਨੂੰ ਪੁਲਸ ਨੇ ਰੋਕਿਆ, ਦਿੱਤਾ ਧਰਨਾ

ਮਜੀਠਾ, 1 ਜੁਲਾਈ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮਜੀਠਾ ਸਥਿਤ ਰਿਹਾਇਸ਼ ਦੇ ਬਾਹਰ ਪੰਜਾਬ ਪੁਲਸ ਅਤੇ ਵਿਜੀਲੈਂਸ ਬਿਊਰੋ ਦੀ ਭਾਰੀ ਤਾਇਨਾਤੀ ਨੇ ਸਥਾਨਕ ਮਾਹੌਲ ਨੂੰ ਤਣਾਅਪੂਰਨ ਬਣਾ ਦਿੱਤਾ ਹੈ।

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 540 ਕਰੋੜ ਰੁਪਏ ਦੇ ਕਥਿਤ ਮਾਮਲੇ ਵਿਚ ਮਜੀਠੀਆ ਨੂੰ 7 ਦਿਨ ਦੀ ਰਿਮਾਂਡ ’ਤੇ ਲਿਆ ਗਿਆ ਹੈ। ਵਿਜੀਲੈਂਸ ਨੇ ਮੰਗਲਵਾਰ ਨੂੰ ਮਜੀਠੀਆ ਨੂੰ ਉਨ੍ਹਾਂ ਦੀ ਮਜੀਠਾ ਸਥਿਤ ਜਾਇਦਾਦ ਅਤੇ ਰਿਹਾਇਸ਼ੀ ਦਫਤਰ ਦੀ ਜਾਂਚ ਲਈ ਲਿਆਂਦਾ, ਜਿਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸੂਤਰਾਂ ਅਨੁਸਾਰ, ਵਿਜੀਲੈਂਸ ਦੀ ਟੀਮ ਨੇ ਮਜੀਠੀਆ ਦੀ ਜਾਇਦਾਦ ਅਤੇ ਦਫਤਰ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਹੋਰ ਸਬੂਤਾਂ ਦੀ ਪੜਤਾਲ ਸ਼ੁਰੂ ਕੀਤੀ।

ਇਸ ਜਾਂਚ ਦੌਰਾਨ ਬਿਕਰਮ ਮਜੀਠੀਆ ਦੀ ਪਤਨੀ ਅਤੇ ਮਜੀਠਾ ਹਲਕੇ ਦੀ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਵੀ ਆਪਣੇ ਦਫਤਰ ਪਹੁੰਚੀ। ਪਰ ਪੁਲਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਨੂੰ ਲੈ ਕੇ ਬੀਬਾ ਗਨੀਵ ਕੌਰ ਅਤੇ ਪੁਲਸ ਅਧਿਕਾਰੀਆਂ ਵਿਚਕਾਰ ਤਿੱਖੀ ਬਹਿਸਬਾਜ਼ੀ ਹੋਈ। ਬਹਿਸ ਦੌਰਾਨ ਪੁਲਸ ਨੇ ਮਜੀਠੀਆ ਦੇ ਰਿਹਾਇਸ਼ੀ ਦਫਤਰ ਨੂੰ ਤਾਲਾ ਲਗਾ ਦਿੱਤਾ, ਜਿਸ ਨੂੰ ਵਿਧਾਇਕ ਨੇ ਸਰਕਾਰੀ ਤਸ਼ੱਦਦ ਅਤੇ ਅਧਿਕਾਰਾਂ ਦੀ ਉਲੰਘਣਾ ਦੱਸਿਆ।

ਇਸ ਘਟਨਾ ਦੇ ਵਿਰੋਧ ਵਜੋਂ ਬੀਬਾ ਗਨੀਵ ਕੌਰ ਮਜੀਠੀਆ ਨੇ ਆਪਣੇ ਸਮਰਥਕਾਂ ਸਮੇਤ ਪੁਲਸ ਪ੍ਰਸ਼ਾਸਨ ਖਿਲਾਫ ਮਜੀਠਾ ਵਿਖੇ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਦੌਰਾਨ ਸਮਰਥਕਾਂ ਨੇ ਸਰਕਾਰ ਅਤੇ ਪੁਲਸ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦਾ ਨਾਮ ਦਿੰਦਿਆਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।

ਬੀਬਾ ਗਨੀਵ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਾਂਚ ਸਿਆਸੀ ਏਜੰਡੇ ਤਹਿਤ ਕੀਤੀ ਜਾ ਰਹੀ ਹੈ ਅਤੇ ਸਰਕਾਰ ਅਕਾਲੀ ਦਲ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ, ਵਿਜੀਲੈਂਸ ਅਧਿਕਾਰੀਆਂ ਨੇ ਜਾਂਚ ਨੂੰ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਦੱਸਦਿਆਂ ਕਿਹਾ ਕਿ ਉਹ ਸਾਰੀਆਂ ਗਤੀਵਿਧੀਆਂ ਨਿਯਮਾਂ ਅਨੁਸਾਰ ਕਰ ਰਹੇ ਹਨ।

ਪੁਲਸ ਨੇ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਵਿਚ ਵਾਧੂ ਫੋਰਸ ਤਾਇਨਾਤ ਕਰ ਦਿੱਤੀ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਇਸ ਮਾਮਲੇ ਨੇ ਸਥਾਨਕ ਲੋਕਾਂ ਅਤੇ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Read More : ਪਠਾਣਮਾਜਰਾ ਤੇ ਖਹਿਰਾ ਦੀ ਫੋਨ ’ਤੇ ਤੂੰ-ਤੂੰ ਮੈਂ-ਮੈਂ

Leave a Reply

Your email address will not be published. Required fields are marked *