ਮਜੀਠੀਆ ਦੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼
ਮੋਹਾਲੀ, 30 ਨਵੰਬਰ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਵਿਜੀਲੈਂਸ ਨੇ ਉਸ ਦੇ ਸੈਕਟਰ 106 ਵਿਚਲੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ| ਉਸ ’ਤੇ ਦੋਸ਼ ਹੈ ਕਿ ਉਸ ਵੱਲੋਂ ਬਣਾਈਆਂ ਗਈਆਂ ਕੰਪਨੀਆਂ ਰਾਹੀਂ ਮਜੀਠੀਆ ਦੀਆਂ ਕੰਪਨੀਆਂ ਨਾਲ ਪੈਸਿਆਂ ਦਾ ਲੈਣ-ਦੇਣ ਕੀਤਾ ਸੀ |
ਵਿਜੀਲੈਂਸ ਵੱਲੋਂ ਉਸ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਵਿਜੀਲੈਂਸ ਦੇ ਸਰਕਾਰੀ ਵਕੀਲ ਮਨਜੀਤ ਸਿੰਘ ਨੇ ਗੁਲਾਟੀ ਦਾ 10 ਦਿਨ ਦਾ ਪੁਲਸ ਰਿਮਾਂਡ ਮੰਗਦਿਆਂ ਦਲੀਲ ਦਿੱਤੀ ਕਿ ਉਸ ਦੀਆਂ ਕੰਪਨੀਆਂ ’ਚੋਂ ਮਜੀਠੀਆ ਦੀਆਂ ਕੰਪਨੀਆਂ ’ਚ ਪੈਸਾ ਟਰਾਂਸਫਰ ਹੋਇਆ ਸੀ, ਜੋ ਕਿ ਕਦੇ ਵੀ ਵਾਪਸ ਨਹੀਂ ਹੋਇਆ ਅਤੇ ਨਾ ਹੀ ਗੁਲਾਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਕੇਸ ਦਾਇਰ ਕਰ ਕੇ ਟਰਾਂਸਫਰ ਕੀਤੇ ਗਏ ਪੈਸੇ ਵਾਪਸ ਮੰਗੇ ਗਏ |
ਉਨ੍ਹਾਂ ਇਹ ਦਲੀਲ ਵੀ ਦਿੱਤੀ ਕਿ ਗੁਲਾਟੀ ਵੱਲੋਂ ਮਜੀਠੀਆ ਦੇ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਕੰਮ ਕੀਤਾ ਜਾਂਦਾ ਸੀ | ਗੁਲਾਟੀ ਪਹਿਲਾਂ ਪੁਰਾਣੀਆਂ ਗੱਡੀਆਂ ਦੀ ਖ਼ਰੀਦੋ- ਫਰੋਖ਼ਤ ਦਾ ਕੰਮ ਕਰਦਾ ਸੀ ਪਰ 2008-09 ’ਚ ਅਕਾਲੀ ਸਰਕਾਰ ਦੌਰਾਨ ਉਸ ਵੱਲੋਂ ਕਈ ਕੰਪਨੀਆਂ ਬਣਾਈਆਂ ਗਈਆਂ ਸਨ | ਗੁਲਾਟੀ ਸ਼ਰਾਬ ਦੇ ਕਾਰੋਬਾਰ ’ਚ ਅਹਿਮ ਭੂਮਿਕਾ ਨਿਭਾਉਂਦਾ ਸੀ |
ਉੱਧਰ ਬਚਾਅ ਪੱਖ ਦੇ ਵਕੀਲ ਵੱਲੋਂ ਦੋਸ਼ ਲਾਇਆ ਗਿਆ ਕਿ ਗੁਲਾਟੀ ਨੂੰ ਪਹਿਲਾਂ ਗਵਾਹ ਬਣਾਇਆ ਗਿਆ ਸੀ ਤੇ ਹੁਣ ਉਸੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਉਹ ਅਗਲੀ ਪੇਸ਼ੀ ’ਤੇ ਇਸ ਬਾਰੇ ਅਹਿਮ ਖ਼ੁਲਾਸੇ ਕਰਨਗੇ | ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗੁਲਾਟੀ ਨੂੰ 6 ਦਸੰਬਰ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ |
ਜਾਣਕਾਰੀ ਅਨੁਸਾਰ ਗੁਲਾਟੀ ’ਤੇ ਜਾਂਚ ਏਜੰਸੀ ਦਾ ਦੋਸ਼ ਹੈ ਕਿ ਮਜੀਠੀਆ ਨੇ ਗੁਲਾਟੀ ਰਾਹੀਂ ਸ਼ਿਮਲਾ ਅਤੇ ਦਿੱਲੀ ’ਚ ਬੇਨਾਮੀ ਸੰਪਤੀਆਂ ਬਣਾਈਆਂ ਹਨ | ਵਿਜੀਲੈਂਸ ਵੱਲੋਂ ਇਸ ਮਾਮਲੇ ’ਚ ਹੁਣ ਤੱਕ ਬਿਕਰਮ ਮਜੀਠੀਆ ਤੋਂ ਇਲਾਵਾ ਉਨ੍ਹਾਂ ਦੇ ਸਾਲੇ ਗਜਪਤ ਸਿੰਘ ਗਰੇਵਾਲ ਅਤੇ ਹਰਪ੍ਰੀਤ ਸਿੰਘ ਗੁਲਾਟੀ ਨੂੰ ਨਾਮਜ਼ਦ ਕੀਤਾ ਗਿਆ ਹੈ | ਗਜਪਤ ਸਿੰਘ ਗਰੇਵਾਲ ਨੂੰ ਭਗੌੜਾ ਕਰਾਰ ਦੇਣ ਸਬੰਧੀ ਅਦਾਲਤ ’ਚ ਦਾਖ਼ਲ ਕੀਤੀ ਗਈ ਅਰਜ਼ੀ ’ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ |
ਵਿਜੀਲੈਂਸ ਨੇ ਗਜਪਤ ਸਿੰਘ ਅਤੇ ਗੁਲਾਟੀ ਨੂੰ ਨਾਮਜ਼ਦ ਕਰਨ ਤੋਂ ਪਹਿਲਾਂ ਇਸ ਕੇਸ ’ਚ ਧਾਰਾ 120ਬੀ ਦਾ ਵਾਧਾ ਕਰ ਦਿੱਤਾ ਸੀ |ਉੱਧਰ ਅਦਾਲਤ ’ਚ ਮਜੀਠੀਆ ਦੇ ਇਸ ਕੇਸ ਦੀ ਅਗਲੀ ਸੁਣਵਾਈ 10 ਦਸੰਬਰ ਨੂੰ ਹੋਣੀ ਹੈ ਅਤੇ ਉਸ ਦਿਨ ਮਜੀਠੀਆ ’ਤੇ ਦੋਸ਼ ਤੈਅ ਕਰਨ ਤੋਂ ਪਹਿਲਾਂ ਬਚਾਅ ਪੱਖ ਵਿਜੀਲੈਂਸ ਵੱਲੋਂ ਅਦਾਲਤ ’ਚ ਦਾਖ਼ਲ ਕੀਤੀ ਗਈ ਚਾਰਜਸ਼ੀਟ ’ਤੇ ਬਹਿਸ ਕਰ ਸਕਦਾ ਹੈ |
ਮਜੀਠੀਆ ਖ਼ਿਲਾਫ਼ 25 ਜੂਨ ਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 13(1)(ਬੀ) ਤੇ 13(2) ਤਹਿਤ ਪੁਲਸ ਸਟੇਸ਼ਨ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1, ਮੋਹਾਲੀ ਵਿਖੇ ਐੱਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ’ਚ ਧਾਰਾ 120 ਬੀ ਦਾ ਵਾਧਾ ਕਰ ਦਿੱਤਾ ਗਿਆ ਹੈ |
Read More : ਪਾਰਸਦੀਪ ਅਤੇ ਯੁਵਰਾਜ ਬਣੇ ਭਾਰਤੀ ਜਲ ਸੈਨਾ ’ਚ ਅਫ਼ਸਰ
