ਰਿਸ਼ਵਤਖੋਰੀ

ਵਿਜੀਲੈਂਸ ਦੀ ਕਾਰਵਾਈ : ਸਬ-ਇੰਸਪੈਕਟਰ 50 ਹਜ਼ਾਰ ਰਿਸ਼ਵਤ ਲੈਂਦਾ ਕਾਬੂ

ਕੇਸ ਵਿਚੋਂ ਬਰੀ ਕਰਨ ਬਦਲੇ ਮੰਗੀ ਸੀ ਰਿਸ਼ਵਤ, ਪਟਿਆਲਾ ਰੇਂਜ ਦੀ ਟੀਮ ਨੇ ਵਿਛਾਇਆ ਜਾਲ

ਸੰਗਰੂਰ, 28 ਫਰਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਥਾਣਾ ਸਾਈਬਰ ਸੈੱਲ ਸੰਗਰੂਰ ਵਿਖੇ ਤਾਇਨਾਤ ਸਬ-ਇੰਸਪੈਕਟਰ ਮੇਵਾ ਸਿੰਘ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਰਾਜ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਕਤ ਮੁਲਜ਼ਮ ਨੂੰ ਪਿੰਡ ਕੋਠੇ ਮਹਾਂ ਸਿੰਘ ਵਾਲਾ, ਜ਼ਿਲਾ ਬਠਿੰਡਾ ਦੇ ਇਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਤੇ ਉਸਦੀ ਪਤਨੀ ਵਿਰੁੱਧ ਥਾਣਾ ਸਾਈਬਰ ਕ੍ਰਾਈਮ ਸੰਗਰੂਰ ਵਿਖੇ ਇਕ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਚ ਮੁਲਜ਼ਮ ਸਬ-ਇੰਸਪੈਕਟਰ ਜਾਂਚ ਅਧਿਕਾਰੀ ਸੀ।

ਇਸ ਸਬੰਧ ’ਚ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਸਬ-ਇੰਸਪੈਕਟਰ ਨੇ ਉਸਦੀ ਪਤਨੀ ਨੂੰ ਕੇਸ ਵਿੱਚੋਂ ਬਰੀ ਕਰਵਾਉਣ ’ਚ ਮਦਦ ਕਰਨ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਰਿਸ਼ਵਤ ਨਹੀਂ ਸੀ ਦੇਣਾ ਚਾਹੁੰਦਾ, ਜਿਸ ਕਾਰਨ ਉਸ ਨੇ ਵਿਜੀਲੈਂਸ ਬਿਊਰੋ ਰੇਂਜ, ਪਟਿਆਲਾ ਨਾਲ ਸੰਪਰਕ ਕੀਤਾ।

ਸ਼ਿਕਾਇਤ ਦੀ ਮੁੱਢਲੀ ਸਮੀਖਿਆ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਮੇਵਾ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਤੋਂ 50,000 ਰੁਪਏ ਲੈਂਦਿਆਂ ਦਬੋਚ ਲਿਆ। ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Read More : ਅੰਮ੍ਰਿਤਸਰ ਹਵਾਈ ਅੱਡੇ ’ਤੇ 89.33 ਲੱਖ ਰੁਪਏ ਦੇ ਆਈਫੋਨ ਜ਼ਬਤ

Leave a Reply

Your email address will not be published. Required fields are marked *