ਚੰਡੀਗੜ੍ਹ, 21 ਅਕਤੂਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਫ਼ਰਜ਼ੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਕੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਮਲੇ ’ਚ ਪੰਜਾਬ ਪੁਲਸ ਦੇ ਸਟੇਟ ਸਾਈਬਰ ਸੈੱਲ ਮੋਹਾਲੀ ਵੱਲੋਂ ਗੰਭੀਰਤਾ ਨਾਲ ਕਾਰਵਾਈ ਕੀਤੀ ਗਈ ਹੈ ਤੇ ਵੀਡੀਓ ਅਪਲੋਡ ਕਰਨ ਵਾਲੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਦੋਸ਼ ਹੈ ਕਿ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਟੈਕਨਾਲੋਜੀ ਦੀ ਦੁਰਵਰਤੋਂ ਕਰਦਿਆਂ ਇਹ ਵੀਡੀਓ ਤਿਆਰ ਕੀਤੀ ਗਈ, ਜਿਸ ਦਾ ਮਕਸਦ ਮੁੱਖ ਮੰਤਰੀ ਦੇ ਅਕਸ ਨੂੰ ਨੁਕਸਾਨ ਪਹੁੰਚਾਉਣਾ ਸੀ। ਪੁਲਸ ਮੁਤਾਬਕ ਇਸ ਮਾਮਲੇ ’ਚ ਮੁਲਜ਼ਮ ਦੀ ਪਛਾਣ ਜਗਮਨ ਸਮਰਾ ਵਜੋਂ ਹੋਈ ਹੈ, ਜੋ ਕਿ ਸੰਗਰੂਰ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਪਰ ਇਸ ਵੇਲੇ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ’ਚ ਰਹਿ ਰਿਹਾ ਹੈ। ਪੁਲਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਆਖ਼ਿਰ ਇਹ ਵੀਡੀਓ ਕਿਵੇਂ ਤੇ ਕਿੱਥੋਂ ਤਿਆਰ ਹੋਈ ਤੇ ਕਿਸ ਤਰੀਕੇ ਨਾਲ ਇਸ ਨੂੰ ਵਿਦੇਸ਼ ਤੋਂ ਵਾਇਰਲ ਕੀਤਾ ਗਿਆ।
ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਟੇਟ ਸਾਈਬਰ ਸੈੱਲ ਦੇ ਮਾਨੀਟਰਿੰਗ ਸਿਸਟਮ ਨੇ ਇਕ ਫੇਸਬੁੱਕ ਅਕਾਊਂਟ ਤੋਂ ਭੜਕਾਊ ਅਤੇ ਅਸ਼ਲੀਲ ਸਮੱਗਰੀ ਵਾਲੀਆਂ ਵੀਡੀਓਜ਼ ਅਪਲੋਡ ਹੋਣ ਦੀ ਜਾਣਕਾਰੀ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਵੀਡੀਓ ਮੁੱਖ ਮੰਤਰੀ ਭਗਵੰਤ ਮਾਨ ਦੀ ਅਸਲੀ ਵੀਡੀਓ ਨਹੀਂ ਸਗੋਂ ਏ. ਆਈ. ਤਕਨੀਕ ਨਾਲ ਬਣਾਈ ਗਈ ਹੈ। ਇਸ ਦਾ ਮਕਸਦ ਮੁੱਖ ਮੰਤਰੀ ਦਾ ਅਕਸ ਖ਼ਰਾਬ ਕਰਨਾ ਤੇ ਲੋਕਾਂ ’ਚ ਨਫ਼ਰਤ ਅਤੇ ਉਲਝਣ ਪੈਦਾ ਕਰਨਾ ਸੀ।
ਇਹ ਮਾਮਲਾ ਇੰਸਪੈਕਟਰ ਗਗਨਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਮੋਹਾਲੀ ਦੇ ਫੇਜ਼-4 ਸਥਿਤ ਸਟੇਟ ਸਾਈਬਰ ਕ੍ਰਾਈਮ ਥਾਣੇ ’ਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਵੱਲੋਂ ਸੂਚਨਾ ਪ੍ਰਾਪਤ ਹੋਈ ਕਿ ਜਗਮਨ ਸਮਰਾ ਨਾਂ ਦੇ ਵਿਅਕਤੀ ਦੇ ਫੇਸਬੁੱਕ ਅਕਾਊਂਟ ਤੋਂ ਕਈ ਸ਼ੱਕੀ ਵੀਡੀਓਜ਼ ਪੋਸਟ ਕੀਤੀਆਂ ਗਈਆਂ ਹਨ। ਜਦੋਂ ਇਨ੍ਹਾਂ ਦੀ ਵਿਸ਼ਲੇਸ਼ਣਾਤਮਕ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਨ੍ਹਾਂ ਦਾ ਮਕਸਦ ਨਫ਼ਰਤ ਪੈਦਾ ਕਰਨਾ, ਅਸ਼ਾਂਤੀ ਫੈਲਾਉਣਾ ਤੇ ਸਮਾਜਿਕ ਸਾਂਝ ਨੂੰ ਖ਼ਤਰਾ ਪਹੁੰਚਾਉਣਾ ਸੀ।
ਜਗਮਨ ਸਮਰਾ ਨੇ ਆਪਣੇ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਅਕਾਊਂਟ ’ਤੇ 2 ਪੋਸਟਾਂ ਅਪਲੋਡ ਕੀਤੀਆਂ। ਪਹਿਲੀ ਪੋਸਟ 20 ਅਕਤੂਬਰ ਦੀ ਰਾਤ 2 ਵਜੇ ਕੀਤੀ ਗਈ ਜਦ ਕਿ ਦੂਜੀ 21 ਅਕਤੂਬਰ ਦੀ ਸਵੇਰ 7 ਵਜੇ। ਪਹਿਲੀ ਪੋਸਟ ’ਚ ਉਸ ਨੇ ਲਿਖਿਆ ਕਿ ਇਹ ਤਾਂ ਟਰੇਲਰ ਹੈ, ਜੋ ਇਹ ਸਾਬਤ ਕਰੇ ਕਿ ਇਹ ਵੀਡੀਓ ਏ. ਆਈ. ਨਾਲ ਬਣੀ ਹੈ, ਉਸ ਨੂੰ ਇਕ ਮਿਲੀਅਨ ਡਾਲਰ ਇਨਾਮ ਮਿਲੇਗਾ। ਦੂਜੀ ਪੋਸਟ ’ਚ ਉਸ ਨੇ ਦਾਅਵਾ ਕੀਤਾ ਕਿ ਕੁੱਲ 7 ਵੀਡੀਓ ਹਨ ਤੇ ਉਨ੍ਹਾਂ ਵਿਚੋਂ ਕੁਝ ’ਚ ਵਿਦੇਸ਼ੀ ਔਰਤਾਂ ਨਜ਼ਰ ਆ ਰਹੀਆਂ ਹਨ। ਉਸ ਨੇ ਇਹ ਵੀ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਲਈ ਸਨ ਐਂਡ ਸੈਂਡ ਹੋਟਲ (ਬੰਬੇ ਬੀਚ) ’ਤੇ ਗਏ ਸਨ।
ਇਸ ਤੋਂ ਇਲਾਵਾ ਉਸ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਨੂੰ ਵੀ ਪੁਰਾਣਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਜੋ ਇਹ ਸਾਬਤ ਕਰੇ ਕਿ ਉਹ ਨਕਲੀ ਹਨ, ਉਸ ਨੂੰ ਉਹ ਖ਼ੁਦ 5 ਕਰੋੜ ਰੁਪਏ ਇਨਾਮ ਦੇਵੇਗਾ। ਇਸ ਮਾਮਲੇ ’ਚ ਸਟੇਟ ਸਾਈਬਰ ਸੈੱਲ ਨੇ ਕਈ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਇਨ੍ਹਾਂ ’ਚ ਭਾਰਤੀ ਨਿਆਏ ਸੰਹਿਤਾ (ਬੀ. ਐੱਨ. ਐੱਸ.) ਦੀਆਂ ਧਾਰਾਵਾਂ 340(2), 353(1), 352(2), 351(2), 336(4) ਤੇ ਆਈ. ਟੀ. ਐਕਟ ਦੀ ਧਾਰਾ 67 ਸ਼ਾਮਲ ਹਨ।
ਸਟੇਟ ਸਾਈਬਰ ਸੈੱਲ ਨੇ ਕਿਹਾ ਹੈ ਕਿ ਇਹ ਮਾਮਲਾ ਸੂਬੇ ਦੀ ਸ਼ਾਂਤੀ ਨਾਲ ਜੁੜਿਆ ਹੈ ਅਤੇ ਕਿਸੇ ਵੀ ਹਾਲਤ ’ਚ ਇਸ ਨੂੰ ਹਲਕੇ ’ਚ ਨਹੀਂ ਲਿਆ ਜਾਵੇਗਾ। ਪੁਲਸ ਨੇ ਇਸ ਵੀਡੀਓ ਦੇ ਡਿਜੀਟਲ ਸਰੋਤ ਦੀ ਟ੍ਰੇਸਿੰਗ ਸ਼ੁਰੂ ਕਰ ਦਿੱਤੀ ਹੈ ਤੇ ਸੰਭਾਵਨਾ ਹੈ ਕਿ ਜਗਮਨ ਸਮਰਾ ਖ਼ਿਲਾਫ਼ ਇੰਟਰਪੋਲ ਰਾਹੀਂ ਵੀ ਕਾਰਵਾਈ ਦੀ ਮੰਗ ਕੀਤੀ ਜਾ ਸਕਦੀ ਹੈ।
Read More : ਦੁਕਾਨਦਾਰ ’ਤੇ ਫਾਇਰਿੰਗ ਕਰਨ ਵਾਲੇ 2 ਬਦਮਾਸ਼ਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ