Dr.-Sumita-Mishra

ਹਰਿਆਣਾ ਵਿਚ ਟੀਬੀ ਦੇ ਖਾਤਮੇ ਲਈ AI ਤਕਨਾਲੋਜੀ ਦੀ ਵਰਤੋਂ : ਡਾ. ਸੁਮਿਤਾ ਮਿਸ਼ਰਾ

ਸੂਬੇ ਵਿੱਚ ਤਿੰਨ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਲਾਗੂ; ਮਰੀਜ਼ਾਂ ਦੀ ਜਲਦੀ ਪਛਾਣ ਅਤੇ ਬਿਹਤਰ ਇਲਾਜ ਵਿਚ ਮਿਲੇਗੀ ਮਦਦ

ਹਰਿਆਣਾ, 14 ਮਾਰਚ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਹਰਿਆਣਾ ਨੇ ਟੀਬੀ ਦੀ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ‘ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਮਿਸ਼ਨ’ ਦੇ ਤਹਿਤ ਤਿੰਨ ਨਵੇਂ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਟੂਲ ਅਪਣਾਏ ਹਨ। ਇਨ੍ਹਾਂ ਤਕਨੀਕਾਂ ਨਾਲ ਮਰੀਜ਼ਾਂ ਦੀ ਭਾਲ, ਇਲਾਜ ਅਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਸੂਬੇ ਵਿੱਚ ਤਿੰਨ ਮੁੱਖ ਟੂਲ CATB, PATO ਅਤੇ VM-TB ਕੰਮ ਕਰ ਰਹੇ ਹਨ। CATB ਇੱਕ ਅਜਿਹੀ ਮੋਬਾਈਲ ਐਪ ਹੈ ਜੋ ਖੰਘ ਦੀ ਆਵਾਜ਼ ਸੁਣ ਕੇ ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਪਛਾਣ ਕਰ ਲੈਂਦੀ ਹੈ। ਇਹ ਐਪ ਬਿਨਾਂ ਇੰਟਰਨੈਟ ਦੇ ਵੀ ਚੱਲ ਸਕਦੀ ਹੈ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਸਿਹਤ ਕਰਮਚਾਰੀਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਹੁਣ ਤੱਕ ਇਸ ਰਾਹੀਂ 140 ਸੰਭਾਵੀ ਕੇਸ ਸਾਹਮਣੇ ਆਏ ਹਨ।

ਦੂਜਾ ਟੂਲ PATO, ਅਪ੍ਰੈਲ 2023 ਤੋਂ ਕੰਮ ਕਰ ਰਿਹਾ ਹੈ। ਇਹ ਇਲਾਜ ਸ਼ੁਰੂ ਹੋਣ ਸਮੇਂ ਹੀ ਉਨ੍ਹਾਂ ਮਰੀਜ਼ਾਂ ਦੀ ਪਛਾਣ ਕਰ ਲੈਂਦਾ ਹੈ ਜਿਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ ਜਾਂ ਜੋ ਇਲਾਜ ਵਿਚਾਲੇ ਛੱਡ ਸਕਦੇ ਹਨ। ਇਸ ਰਾਹੀਂ ਹੁਣ ਤੱਕ 18,591 ਉੱਚ-ਜੋਖਮ ਵਾਲੇ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਖਾਸ ਨਿਗਰਾਨੀ ਕੀਤੀ ਜਾ ਰਹੀ ਹੈ।

ਤੀਜਾ ਟੂਲ VM-TB, ਇੱਕ ਨਕਸ਼ੇ ਵਾਂਗ ਕੰਮ ਕਰਦਾ ਹੈ ਜੋ ਉਨ੍ਹਾਂ ਇਲਾਕਿਆਂ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਟੀਬੀ ਦੇ ਮਰੀਜ਼ ਜ਼ਿਆਦਾ ਹੋ ਸਕਦੇ ਹਨ। ਇਸ ਦੀ ਮਦਦ ਨਾਲ ਸੂਬੇ ਦੇ 2,111 ਉੱਚ-ਜੋਖਮ ਵਾਲੇ ਪਿੰਡਾਂ ਦੀ ਪਛਾਣ ਕੀਤੀ ਗਈ ਹੈ। ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਹਰਿਆਣਾ ਸਰਕਾਰ ਇਨ੍ਹਾਂ ਤਕਨੀਕਾਂ ਦੀ ਵਰਤੋਂ ਕਰਕੇ ‘ਟੀਬੀ ਮੁਕਤ ਹਰਿਆਣਾ’ ਦੇ ਟੀਚੇ ਨੂੰ ਤੇਜ਼ੀ ਨਾਲ ਪੂਰਾ ਕਰ ਰਹੀ ਹੈ।

Read More : ਸੜਕਾਂ ਤੋਂ ਖ਼ਰਾਬ ਖੰਭੇ ਤੁਰੰਤ ਹਟਾਏ ਜਾਣ ਅਤੇ ਨਵੇਂ ਖੰਭੇ ਦੂਰੀ ‘ਤੇ ਲੱਗਣ : ਨਾਇਬ ਸੈਣੀ

Leave a Reply

Your email address will not be published. Required fields are marked *