ਸਾਇਤੇਜਾ ਮੁੱਕਮੱਲਾ ਦੇ ਅਰਧ-ਸੈਂਕੜੇ ਅਤੇ ਹਰਮੀਤ ਸਿੰਘ ਦੀਆਂ 4 ਵਿਕਟਾਂ ਨੇ ਦਿਵਾਈ ਸ਼ਾਨਦਾਰ ਜਿੱਤ
ਚੇਨਈ, 14 ਫਰਵਰੀ : ਟੀ-20 ਵਰਲਡ ਕੱਪ ਦੇ ਗਰੁੱਪ ਮੈਚ ’ਚ ਅਮਰੀਕਾ ਦੀ ਟੀਮ ਨੇ ਨੀਦਰਲੈਂਡ ਨੂੰ 93 ਦੌੜਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਹ ਅਮਰੀਕਾ ਦੀ ਨੀਦਰਲੈਂਡ ਖ਼ਿਲਾਫ਼ ਪਹਿਲੀ ਟੀ-20 ਅੰਤਰਰਾਸ਼ਟਰੀ ਜਿੱਤ ਹੈ।
ਸਾਇਤੇਜਾ ਮੁੱਕਮੱਲਾ ਨੇ 51 ਗੇਂਦਾਂ ’ਤੇ 79 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਉਸ ਦੀ ਪਾਰੀ ’ਚ 5 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਕਪਤਾਨ ਮੋਨੰਕ ਪਟੇਲ (36) ਨਾਲ ਉਸ ਦੀ 55 ਦੌੜਾਂ ਦੀ ਸਾਂਝੇਦਾਰੀ ਅਤੇ ਸ਼ੁਭਮ ਰੰਜਨੇ (48* ਦੌੜਾਂ, 24 ਗੇਂਦਾਂ) ਨਾਲ 54 ਦੌੜਾਂ ਦੀ ਭਾਗੀਦਾਰੀ ਨੇ ਸਕੋਰ ਨੂੰ 196/6 ਤੱਕ ਪਹੁੰਚਾਇਆ। ਰੰਜਨੇ ਨੇ ਅੰਤਲੇ ਓਵਰਾਂ ’ਚ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਟੀਮ ਨੂੰ 200 ਦੇ ਨੇੜੇ ਪਹੁੰਚਾ ਦਿੱਤਾ।
ਗੇਂਦਬਾਜ਼ੀ ’ਚ ਹਰਮੀਤ ਸਿੰਘ ਨੇ ਕਮਾਲ ਕਰਦਿਆਂ 21 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਉਸ ਦਾ ਇਹ ਪ੍ਰਦਰਸ਼ਨ ਅਮਰੀਕਾ ਵੱਲੋਂ ਟੀ-20 ਵਰਲਡ ਕੱਪ ’ਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ। ਹਰਮੀਤ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨਿਆ ਗਿਆ। ਉਸ ਨੇ ਮੈਕਸ ਓ’ਡੌਡ (13), ਬਾਸ ਡੇ ਲੀਡੇ (23), ਸਕਾਟ ਐਡਵਰਡਜ਼ ਅਤੇ ਰੋਲੋਫ਼ ਵੈਨ ਡਰ ਮਰਵੇ ਨੂੰ ਪਵਿਲੀਅਨ ਭੇਜਿਆ। ਨੋਸਤੁਸ਼ ਕੇਂਜੀਗੇ ਨੇ ਵੀ ਮਹੱਤਵਪੂਰਨ ਵਿਕਟ ਹਾਸਲ ਕੀਤੀ।
ਨੀਦਰਲੈਂਡ ਦੀ ਟੀਮ 15.5 ਓਵਰਾਂ ’ਚ ਸਿਰਫ਼ 103 ਦੌੜਾਂ ’ਤੇ ਹੀ ਸਿਮਟ ਗਈ। ਬਾਸ ਡੇ ਲੀਡੇ ਨੇ 3 ਵਿਕਟਾਂ ਲਈਆਂ, ਪਰ ਉਸ ਦੀ ਇਹ ਕੋਸ਼ਿਸ਼ ਟੀਮ ਨੂੰ ਹਾਰ ਤੋਂ ਬਚਾ ਨਾ ਸਕੀ। ਇਸ ਜਿੱਤ ਨਾਲ ਅਮਰੀਕਾ ਨੇ ਟੂਰਨਾਮੈਂਟ ’ਚ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ। ਮੁੱਕਮੱਲਾ ਅਤੇ ਹਰਮੀਤ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦਰਸਾਇਆ ਕਿ ਅਮਰੀਕੀ ਟੀਮ ਹੁਣ ਵੱਡੇ ਮੰਚ ’ਤੇ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੈ।
Read More : ਦਰਦਨਾਕ ਹਾਦਸਾ : ਵਿਆਹ ਸਮਾਗਮ ਤੋਂ ਮੁੜ ਰਹੇ 5 ਨੌਜਵਾਨਾਂ ਦੀ ਮੌਤ
