ਈਰਾਨ-ਇਜ਼ਰਾਈਲ ਜੰਗ

ਅਮਰੀਕਾ-ਇਜ਼ਰਾਈਲ ਦਾ ਈਰਾਨ ’ਤੇ ਸਾਂਝਾ ਹਮਲਾ; ਜਵਾਬੀ ਕਾਰਵਾਈ ’ਚ ਈਰਾਨ ਨੇ ਦਾਗੀਆਂ 400 ਮਿਜ਼ਾਈਲਾਂ

ਈਰਾਨੀ ਸਕੂਲ ’ਤੇ ਮਿਜ਼ਾਈਲ ਡਿੱਗਣ ਨਾਲ 53 ਵਿਦਿਆਰਥਣਾਂ ਦੀ ਮੌਤ; ਦੁਬਈ ਅਤੇ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਵੀ ਬਣਾਇਆ ਨਿਸ਼ਾਨਾ

ਤੇਲ ਅਵੀਵ/ਤਹਿਰਾਨ, 28 ਫਰਵਰੀ : ਮੱਧ-ਪੂਰਬ ਵਿੱਚ ਜੰਗ ਨੇ ਬੇਹੱਦ ਭਿਆਨਕ ਰੂਪ ਅਖ਼ਤਿਆਰ ਕਰ ਲਿਆ ਹੈ। ਸ਼ਨੀਵਾਰ ਸਵੇਰੇ ਇਜ਼ਰਾਈਲ ਅਤੇ ਅਮਰੀਕਾ ਨੇ ਇੱਕ ਸਾਂਝੀ ਮੁਹਿੰਮ ਤਹਿਤ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਕਈ ਸ਼ਹਿਰਾਂ ਉੱਤੇ ਜ਼ਬਰਦਸਤ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦੌਰਾਨ ਦੱਖਣੀ ਈਰਾਨ ਵਿੱਚ ਇੱਕ ਸਕੂਲ ‘ਤੇ ਮਿਜ਼ਾਈਲ ਡਿੱਗਣ ਕਾਰਨ 53 ਵਿਦਿਆਰਥਣਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ।

ਈਰਾਨ ਦਾ ਵੱਡਾ ਪਲਟਵਾਰ

ਇਸ ਹਮਲੇ ਦੇ ਜਵਾਬ ਵਿੱਚ ਈਰਾਨ ਨੇ ਵੀ ਇਜ਼ਰਾਈਲ ਉੱਤੇ ਲਗਭਗ 400 ਮਿਜ਼ਾਈਲਾਂ ਦਾਗੀਆਂ ਹਨ। ਈਰਾਨ ਨੇ ਸਿਰਫ਼ ਇਜ਼ਰਾਈਲ ਹੀ ਨਹੀਂ, ਸਗੋਂ ਕੁਵੈਤ, ਕਤਰ, ਬਹਿਰੀਨ ਅਤੇ ਸਾਊਦੀ ਅਰਬ ਵਿੱਚ ਮੌਜੂਦ ਅਮਰੀਕੀ ਫ਼ੌਜੀ ਬੇਸਾਂ ‘ਤੇ ਵੀ ਹਮਲੇ ਕੀਤੇ ਹਨ। ਖ਼ਬਰਾਂ ਮੁਤਾਬਕ ਈਰਾਨ ਨੇ ਯੂ.ਏ.ਈ. ਦੇ ਪ੍ਰਮੁੱਖ ਸ਼ਹਿਰ ਦੁਬਈ ਨੂੰ ਵੀ ਨਿਸ਼ਾਨਾ ਬਣਾਇਆ ਹੈ।

ਖ਼ੁਫ਼ੀਆ ਟਿਕਾਣਿਆਂ ‘ਤੇ ਵਾਰ

ਇਜ਼ਰਾਈਲ ਨੇ ਈਰਾਨ ਦੇ ਰੱਖਿਆ ਮੰਤਰਾਲੇ, ਪ੍ਰਮਾਣੂ ਊਰਜਾ ਸੰਗਠਨ ਅਤੇ ਸੁਪਰੀਮ ਲੀਡਰ ਆਇਤੁੱਲਾ ਖਾਮੇਨੇਈ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਖਾਮੇਨੇਈ ਨੂੰ ਕਿਸੇ ਗੁਪਤ ਤੇ ਸੁਰੱਖਿਅਤ ਥਾਂ ‘ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਇਜ਼ਰਾਈਲ ਨੇ ਇਸ ਮੁਹਿੰਮ ਨੂੰ ‘ਲਿਓਨਸ ਰੋਰ’ਅਤੇ ਅਮਰੀਕਾ ਨੇ ਇਸ ਨੂੰ ‘ਆਪ੍ਰੇਸ਼ਨ ਐਪਿਕ ਫਿਊਰੀ’ਦਾ ਨਾਂ ਦਿੱਤਾ ਹੈ।

ਵੱਡਾ ਜਾਨੀ ਨੁਕਸਾਨ

ਗੈਰ-ਅਧਿਕਾਰਤ ਸੂਤਰਾਂ ਅਨੁਸਾਰ ਇਜ਼ਰਾਈਲੀ ਹਮਲਿਆਂ ਵਿੱਚ ਈਰਾਨ ਦੇ ਰੱਖਿਆ ਮੰਤਰੀ ਅਮੀਰ ਨਸੀਰਜ਼ਾਦੇਹ ਅਤੇ ਰਿਵੋਲਿਊਸ਼ਨਰੀ ਗਾਰਡਜ਼ ਦੇ ਕਮਾਂਡਰ मुहम्मद ਪਾਕਪੋਰ ਦੇ ਮਾਰੇ ਜਾਣ ਦੀ ਖ਼ਬਰ ਹੈ, ਹਾਲਾਂਕਿ ਈਰਾਨ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਕੌਮਾਂਤਰੀ ਪ੍ਰਤੀਕਿਰਿਆਵਾਂ

ਰੂਸ : ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ‘ਲਾਪ੍ਰਵਾਹੀ ਭਰੀ ਕਾਰਵਾਈ’ ਦੱਸਦਿਆਂ ਤੁਰੰਤ ਹਮਲੇ ਰੋਕਣ ਅਤੇ ਕੂਟਨੀਤਕ ਰਸਤਾ ਅਪਣਾਉਣ ਦੀ ਅਪੀਲ ਕੀਤੀ ਹੈ।

ਪਾਕਿਸਤਾਨ : ਪਾਕਿਸਤਾਨ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਗੈਰ-ਜ਼ਰੂਰੀ ਕਾਰਵਾਈ ਦੱਸਿਆ ਹੈ।

ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਈਰਾਨ ਅਤੇ ਅਮਰੀਕਾ ਵਿਚਾਲੇ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ। ਡੋਨਾਲਡ ਟਰੰਪ ਦੇ ਸਖ਼ਤ ਰੁਖ਼ ਤੋਂ ਬਾਅਦ ਹੁਣ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਜੰਗ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਹੈ।

Read More : ਵਿਜੀਲੈਂਸ ਦੀ ਕਾਰਵਾਈ : ਸਬ-ਇੰਸਪੈਕਟਰ 50 ਹਜ਼ਾਰ ਰਿਸ਼ਵਤ ਲੈਂਦਾ ਕਾਬੂ

Leave a Reply

Your email address will not be published. Required fields are marked *