ਸਪੀਕਰ ਵੱਲ ਕਾਗਜ਼ ਸੁੱਟਣ ਲਈ ਹੋਈ ਸਖ਼ਤ ਕਾਰਵਾਈ
ਨਵੀਂ ਦਿੱਲੀ, 3 ਫਰਵਰੀ : ਜ਼ਮੀਨੀ ਫੌਜ ਦੇ ਸਾਬਕਾ ਮੁਖੀ ਐੱਮ. ਐੱਮ. ਨਰਵਣੇ ਦੀ ਅਣਪ੍ਰਕਾਸ਼ਿਤ ਜੀਵਨੀ ਨੂੰ ਲੈ ਕੇ ਲੋਕ ਸਭਾ ’ਚ ਚੱਲ ਰਹੇ ਡੈੱਡਲਾਕ ਦਰਮਿਆਨ ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਦੇ ਮੈਂਬਰਾਂ ਦਰਮਿਆਨ ਟਕਰਾਅ ਦਾ ਇਕ ਨਵਾਂ ਮੋਰਚਾ ਮੰਗਲਵਾਰ ਉਸ ਸਮੇਂ ਖੁੱਲ੍ਹ ਗਿਆ ਜਦੋਂ ਸਪੀਕਰ ਵੱਲ ਕਾਗਜ਼ ਸੁੱਟਣ ਲਈ ਵਿਰੋਧੀ ਧਿਰ ਦੇ 8 ਮੈਂਬਰਾਂ ਨੂੰ ਮੌਜੂਦਾ ਬਜਟ ਸੈਸ਼ਨ ਦੇ ਬਾਕੀ ਪੂਰੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ’ਚ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਜੀਤ ਸਿੰਘ ਔਜਲਾ ਸਮੇਤ 7 ਮੈਂਬਰ ਹਨ। ਇਕ ਮੈਂਬਰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਹੈ।
ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਚੀਨ ਦਾ ਮੁੱਦਾ ਉਠਾਇਆ। ਉਨ੍ਹਾਂ ਦੇ ਬਿਆਨ ਨੇ ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਦਰਮਿਆਨ ਗਰਮਾ-ਗਰਮ ਬਹਿਸ ਛੇੜ ਦਿੱਤੀ। ਹੰਗਾਮਾ ਇੰਨਾ ਵਧ ਗਿਆ ਕਿ ਰਾਹੁਲ ਗਾਂਧੀ ਆਪਣਾ ਭਾਸ਼ਣ ਪੂਰਾ ਨਹੀਂ ਕਰ ਸਕੇ। ਹੰਗਾਮੇ ਕਾਰਨ ਹਾਊਸ ਦੀ ਕਾਰਵਾਈ ਵਾਰ-ਵਾਰ ਰੋਕਣੀ ਪਈ ਤੇ ਅਖੀਰ ਬੁੱਧਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਹਾਊਸ ’ਚ ਡੈੱਡਲਾਕ ਦਰਮਿਆਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਵਾਂਗ ਮੰਗਲਵਾਰ ਵੀ ਨਰਵਣੇ ਦੀ ਅਣਪ੍ਰਕਾਸ਼ਿਤ ਜੀਵਨੀ ’ਤੇ ਆਧਾਰਤ ਇਕ ਲੇਖ ਦਾ ਹਵਾਲਾ ਦਿੰਦੇ ਹੋਏ ਚੀਨ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਸਪੀਕਰ ਨੇ ਉਨ੍ਹਾਂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਲੇਖ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਹਾਊਸ ਦੀ ਮੇਜ਼ ’ਤੇ ਰੱਖਿਆ।
ਇਸ ਤੋਂ ਪਹਿਲਾਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਦੌਰਾਨ ਭਾਰਤ-ਅਮਰੀਕਾ ਵਪਾਰ ਸਮਝੌਤੇ ਸਮੇਤ ਕਈ ਮੁੱਦਿਆਂ ’ਤੇ ਹੰਗਾਮਾ ਕਰ ਰਹੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਾਰਵਾਈ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਪੁੱਛਿਆ ਕਿ ਕੀ ਪ੍ਰਸ਼ਨ ਕਾਲ ਦੌਰਾਨ ਯੋਜਨਾਬੱਧ ਢੰਗ ਨਾਲ ‘ਚੇਅਰ’ ਕੋਲ ਜਾਣ ਤੇ ਨਾਅਰੇਬਾਜ਼ੀ ਕਰਨ ਦਾ ਕੋਈ ਤੁੱਕ ਹੈ?
ਕਿਹੜੇ ਸੰਸਦ ਮੈਂਬਰਾਂ ਨੂੰ ਕੀਤਾ ਮੁਅੱਤਲ?
ਪੂਰੇ ਸੈਸ਼ਨ ਲਈ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ’ਚ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਜੀਤ ਸਿੰਘ ਔਜਲਾ, ਹਿਬੀ ਈਡਨ, ਡੀਨ ਕੁਰੀਆਕੋਸ, ਪ੍ਰਸ਼ਾਂਤ ਪਡੋਲੇ, ਕਿਰਨ ਕੁਮਾਰ ਰੈਡੀ, ਮਣਿਕਮ ਟੈਗੋਰ ਤੇ ਸੀ. ਪੀ. ਆਈ.(ਐੱਮ) ਦੇ ਐੱਸ. ਵੈਂਕਟੇਸਨ ਸ਼ਾਮਲ ਹਨ।
Read More : ਹਥਿਆਰ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼, 7 ਪਿਸਤੌਲਾਂ ਸਮੇਤ 3 ਕਾਬੂ
