ਚੰਡੀਗੜ੍ਹ, 12 ਨਵੰਬਰ : ਕੇਂਦਰੀ ਰੇਲ ਮੰਤਰਾਲੇ ਨੇ ਫ਼ਿਰੋਜ਼ਪੁਰ–ਪੱਟੀ ਰੇਲ ਲਿੰਕ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਾਜੈਕਟ ਕੁੱਲ 25.72 ਕਿਲੋਮੀਟਰ ਲੰਬਾ ਹੋਵੇਗਾ ਤੇ ਇਸ ਦੀ ਅਨੁਮਾਨਿਤ ਲਾਗਤ 764.19 ਕਰੋੜ ਹੈ, ਜਿਸ ’ਚੋਂ 166 ਕਰੋੜ ਜ਼ਮੀਨ ਐਕੁਆਇਰ ਕਰਨ ਲਈ ਹੋਣਗੇ, ਜੋ ਰੇਲਵੇ ਵੱਲੋਂ ਭਰੇ ਜਾਣਗੇ।
ਇਹ ਜਾਣਕਾਰੀ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੰਦਿਆ ਕਿਹਾ ਕਿ ਇਹ ਪ੍ਰਾਜੈਕਟ ਰਣਨੀਤਕ ਅਤੇ ਆਰਥਿਕ ਪੱਖੋਂ ਬਹੁਤ ਮਹੱਤਵਪੂਰਨ ਹੈ। ਇਸ ਨਾਲ ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਚਕਾਰ ਫ਼ਾਸਲਾ 196 ਕਿਲੋਮੀਟਰ ਤੋਂ ਘਟ ਕੇ ਲੱਗਭਗ 100 ਕਿਲੋਮੀਟਰ ਰਹਿ ਜਾਵੇਗਾ, ਜਦਕਿ ਜੰਮੂ-ਫ਼ਿਰੋਜ਼ਪੁਰ-ਫ਼ਾਜ਼ਿਲਕਾ-ਮੁੰਬਈ ਕਾਰੀਡੋਰ 236 ਕਿਲੋਮੀਟਰ ਘੱਟ ਹੋ ਜਾਵੇਗਾ।
ਇਹ ਪ੍ਰਾਜੈਕਟ ਮਾਲਵਾ ਤੇ ਮਾਝਾ ਖੇਤਰਾਂ ਵਿਚਕਾਰ ਇਕ ਮਹੱਤਵਪੂਰਨ ਕੜੀ ਸਾਬਤ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪੰਜਾਬ ਲਈ ਇਕ ਇਤਿਹਾਸਕ ਤੋਹਫ਼ਾ ਹੈ।
ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਜਲਦੀ ਹੀ ਰੇਲਵੇ ਨੈੱਟਵਰਕ ਨਾਲ ਜੋੜਿਆ ਜਾਵੇਗਾ।
ਇਸ ਮੌਕੇ ਡੀ.ਆਰ.ਐੱਮ. ਅੰਬਾਲਾ ਵਿਨੋਦ ਭਾਟੀਆ, ਸੀ. ਪੀ.ਐੱਮ./ਨਿਰਮਾਣ ਅਜੈ ਵਰਸ਼ਨੈ, ਸੀ. ਪੀ.ਐੱਮ./ਆਰ.ਐੱਲ. ਡੀ. ਏ. ਬਲਬੀਰ ਸਿੰਘ, ਏ. ਡੀ. ਆਰ. ਐੱਮ./ਫ਼ਿਰੋਜ਼ਪੁਰ ਨਿਤਿਨ ਗਰਗ ਤੇ ਧਨੰਜੇ ਸਿੰਘ, ਈ. ਡੀ. ਪੀ. ਜੀ./ਰੇਲ ਰਾਜ ਮੰਤਰੀ ਵੀ ਮੌਜੂਦ ਸਨ।
ਬਿੱਟੂ ਨੇ ਕਿਹਾ ਕਿ ਚੰਡੀਗੜ੍ਹ-ਮੋਹਾਲੀ, ਮੋਰਿੰਡਾ ਤੇ ਲੁਧਿਆਣਾ ਰੇਲਵੇ ਲਾਈਨ ਨੂੰ ਡਬਲਿੰਗ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਮਾਰਚ 2026 ਤੱਕ ਪੂਰਾ ਹੋ ਜਾਵੇਗਾ। ਮੋਹਾਲੀ ਰੇਲਵੇ ਸਟੇਸ਼ਨ ਤੋਂ ਰਾਜਪੁਰਾ ਲਈ ਨਵੀਂ ਰੇਲਵੇ ਲਾਈਨ ਵਿਛਾਉਣ ਲਈ ਅਨੁਮਾਨਿਤ ਲਾਗਤ ਪਾਸ ਹੋ ਚੁੱਕੀ ਹੈ ਤੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਪਰ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ।
ਦਿੱਲੀ ਧਮਾਕੇ ਪਿੱਛੇ ਪਾਕਿਸਤਾਨ ਦਾ ਹੱਥ
ਰਵਨੀਤ ਬਿੱਟੂ ਨੇ ਕਿਹਾ ਕਿ ਦਿੱਲੀ ਬੰਬ ਧਮਾਕੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਲ ਹੀ ’ਚ ਆਏ ਹੜ੍ਹਾਂ ਦੌਰਾਨ ਪਾਕਿਸਤਾਨ ਤੋਂ ਵੱਡੀ ਮਾਤਰਾ ’ਚ ਹਥਿਆਰ ਭੇਜੇ ਗਏ ਸਨ ਕਿਉਂਕਿ ਹੜ੍ਹਾਂ ਦੌਰਾਨ ਵਾੜ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਸੀ।
ਯੂਨੀਵਰਸਿਟੀ ਦੇ ਹਿੱਤ ’ਚ ਸੀ ਸੈਨੇਟ ਬਾਰੇ ਫ਼ੈਸਲਾ
ਬਿੱਟੂ ਨੇ ਕਿਹਾ ਕਿ ਸੈਨੇਟ ਬਾਰੇ ਕੇਂਦਰ ਸਰਕਾਰ ਦਾ ਫ਼ੈਸਲਾ ਪੰਜਾਬ ਯੂਨੀਵਰਸਿਟੀ ਦੇ ਹਿੱਤ ’ਚ ਸੀ। ਹੁਣ ਨਾ ਤਾਂ ਪ੍ਰੋਫੈਸਰਾਂ ਨੂੰ ਨੌਕਰੀ ’ਤੇ ਰੱਖਿਆ ਜਾ ਰਿਹਾ ਹੈ ਅਤੇ ਨਾ ਹੀ ਕੋਈ ਇਨਸਾਫ਼ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਫੰਡ ਵੀ ਨਹੀਂ ਦੇ ਰਹੀ । ਕੇਂਦਰ ਸਰਕਾਰ ਨੇ ਇਸ ਨੂੰ ਹੱਲ ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਗੱਲ ਸੁਣਦਿਆਂ ਸੈਨੇਟ ਸਬੰਧੀ ਫ਼ੈਸਲਾ ਵਾਪਸ ਲੈ ਗਿਆ ਸੀ। ਉਨ੍ਹਾਂ ਕਿਹਾ ਕਿ ਛੇਤੀ ਹੀ ਸੈਨੇਟ ਚੋਣਾਂ ਦੀ ਮਿਤੀ ਦਾ ਐਲਾਨ ਹੋ ਜਾਵੇਗਾ।
ਨਹੀਂ ਹੋਵੇਗਾ ਅਕਾਲੀ ਦਲ ਨਾਲ ਗੱਠਜੋੜ
ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ।
Read More : ਮੁੰਬਈ ’ਚ 15 ਕਰੋੜ ਦਾ ਸੋਨਾ ਬਰਾਮਦ, 11 ਸਮੱਗਲਰ ਗ੍ਰਿਫਤਾਰ
