ਰਾਜਪੁਰਾ,2 ਮਈ (2025)- ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਨਿਮੁਬੇਨ ਜਯੰਤੀਭਾਈ ਬੰਬਾਨੀਆ ਨੇ ਸ਼ੁੱਕਰਵਾਰ ਨੂੰ ਇੱਥੇ ਰਾਜਪੁਰਾ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ।ਇਸ ਮੌਕੇ ਰਾਜਪੁਰਾ ਮੰਡੀ ਵਿਖੇ ਪੁੱਜਣ ਉਤੇ ਸਥਾਨਕ ਵਿਧਾਇਕ ਨੀਨਾ ਮਿੱਤਲ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਕੇਂਦਰੀ ਰਾਜ ਮੰਤਰੀ ਨਿਮੁਬੇਨ ਜਯੰਤੀਭਾਈ ਬੰਬਾਨੀਆ ਨੇ ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਇਸ ਗੱਲ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਪੰਜਾਬ ਵਿੱਚ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੋਈ ਹੈ।
ਪੰਜਾਬ ਵੱਲੋਂ ਕੇਂਦਰੀ ਪੂਲ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸ਼ੰਸਾ
ਨਿਮੁਬੇਨ ਬੰਬਾਨੀਆ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰੀ ਪੂਲ ਲਈ ਅਨਾਜ ਦੇ ਪਾਏ ਜਾ ਰਹੇ ਯੋਗਦਾਨ ਦੀ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ 124 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਬਹੁਤ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ ਪ੍ਰਤੀ ਸਾਲ 120 ਲੱਖ ਮੀਟ੍ਰਿਕ ਟਨ ਕਣਕ ਐਫ.ਸੀ.ਆਈ ਨੂੰ ਕੇਂਦਰੀ ਭੰਡਾਰ ਲਈ ਦਿੰਦਾ ਹੈ ਜਿਸ ਨਾਲ ਦੂਜੇ ਰਾਜਾਂ ਦੀ ਕਣਕ ਦੀ ਲੋੜ ਨੂੰ ਪੂਰਾ ਕੀਤਾ ਜਾਂਦਾ ਹੈ।
ਪੰਜਾਬ ਵਿਚ ਸਟੋਰੇਜ ਸਪੇਸ ਦਾ ਮੁੱਦਾ ਹੱਲ ਕਰਾਂਗੇ
ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪੰਜਾਬ ਵਿੱਚ ਕਣਕ ਦੀ ਖ੍ਰੀਦ ਨਾਲ ਜੁੜੇ ਆੜਤੀਏ ਅਤੇ ਮਜ਼ਦੂਰਾਂ ਦੀ ਵਧੀ ਮਹਿੰਗਾਈ ਦੇ ਮੱਦੇਨਜ਼ਰ ਫੀਸ ਵਧਾਉਣ ਸਮੇਤ ਪੰਜਾਬ ਵਿਚ ਸਟੋਰੇਜ ਸਪੇਸ ਦਾ ਮੁੱਦਾ ਵੀ ਉਠਾਇਆ ਹੈ, ਜਿਸ ਨੂੰ ਸਕਾਰਾਤਮਿਕ ਸੋਚ ਰੱਖ ਕੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਖਰੀਦ ਕੀਤੇ ਗਏ ਮਾਲ ਦੀ ਲਿਫਟਿੰਗ ਨਾਲੋ-ਨਾਲ ਯਕੀਨੀ ਬਣਾਉਣ। ਕੇਂਦਰੀ ਰਾਜ ਮੰਤਰੀ ਨਿਮੁਬੇਨ ਜਯੰਤੀਭਾਈ ਬੰਬਾਨੀਆ ਨੂੰ ਦਫਤਰ ਮਾਰਕੀਟ ਕਮੇਟੀ ਰਾਜਪੁਰਾ ਵਿਖੇ ਪਹੁੰਚਣ ਤੇ ਪੰਜਾਬ ਪੁਲਿਸ ਪਟਿਆਲਾ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।