ਆਰੋਨ ਜਾਰਜ ਦਾ ਸ਼ਾਨਦਾਰ ਸੈਂਕੜਾ, 6 ਫਰਵਰੀ ਨੂੰ ਇੰਗਲੈਂਡ ਨਾਲ ਹੋਵੇਗੀ ਟੱਕਰ
ਬੁਲਾਵਾਯੋ, 5 ਫਰਵਰੀ : ਭਾਰਤੀ ਅੰਡਰ-19 ਟੀਮ ਨੇ ਇਤਿਹਾਸ ਰਚਦਿਆਂ 10ਵੀਂ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਬੁੱਧਵਾਰ ਨੂੰ ਖੇਡੇ ਗਏ ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਹੁਣ 6 ਫਰਵਰੀ ਨੂੰ ਖ਼ਿਤਾਬ ਲਈ ਟੀਮ ਇੰਡੀਆ ਅਤੇ ਇੰਗਲੈਂਡ ਦੀ ਟੱਕਰ ਹੋਵੇਗੀ।
ਅਫਗਾਨਿਸਤਾਨ ਦੀ ਪਾਰੀ : ਹਰਾਰੇ ਸਪੋਰਟਸ ਕਲੱਬ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੇ ਨਿਰਧਾਰਤ 50 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 310 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਅਫਗਾਨਿਸਤਾਨ ਵੱਲੋਂ ਫੈਜ਼ਲ ਸ਼ਿਨੋਜ਼ਾਦਾ ਨੇ 110 ਦੌੜਾਂ ਅਤੇ ਉਜ਼ੈਰੁੱਲਾ ਨਿਆਜ਼ਈ ਨੇ ਨਾਬਾਦ 101 ਦੌੜਾਂ ਦੀਆਂ ਸ਼ਾਨਦਾਰ ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਭਾਰਤ ਵੱਲੋਂ ਗੇਂਦਬਾਜ਼ੀ ਕਰਦਿਆਂ ਦੀਪੇਸ਼ ਦੇਵੇਂਦਰਨ ਅਤੇ ਕਨਿਸ਼ਕ ਚੌਹਾਨ ਨੇ ਦੋ-ਦੋ ਸਫਲਤਾਵਾਂ ਹਾਸਲ ਕੀਤੀਆਂ।
ਭਾਰਤ ਦੀ ਇਤਿਹਾਸਕ ਜਿੱਤ : 311 ਦੌੜਾਂ ਦੇ ਪਹਾੜ ਜਿੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਬੇਹੱਦ ਹਮਲਾਵਰ ਅੰਦਾਜ਼ ਦਿਖਾਇਆ। ਓਪਨਰ ਆਰੋਨ ਜਾਰਜ ਦੇ ਧਮਾਕੇਦਾਰ ਸੈਂਕੜੇ (115 ਦੌੜਾਂ) ਦੀ ਬਦੌਲਤ ਭਾਰਤ ਨੇ ਇਹ ਟੀਚਾ ਮਹਿਜ਼ 41.1 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਇਸ ਦੇ ਨਾਲ ਹੀ ਵੈਭਵ ਸੂਰਿਆਵੰਸ਼ੀ (68 ਦੌੜਾਂ) ਅਤੇ ਕਪਤਾਨ ਆਯੁਸ਼ ਮਹਾਤਰੇ (62 ਦੌੜਾਂ) ਨੇ ਅਰਧ ਸੈਂਕੜੇ ਜੜ ਕੇ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਖ਼ਾਸ ਗੱਲ ਇਹ ਹੈ ਕਿ ਭਾਰਤ ਨੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀਆਂ ਦੌੜਾਂ ਦਾ ਸਫਲ ਪਿੱਛਾ ਕੀਤਾ ਹੈ।
Read More : ਸ਼ਰਾਬੀ ਪਿਤਾ ਨੇ 5 ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ
