De-addiction center

ਅਣ-ਅਧਿਕਾਰਿਤ ਚੱਲਦਾ ਨਸ਼ਾ ਛੁਡਾਊ ਕੇਂਦਰ ਸੀਲ

ਸਿਹਤ ਵਿਭਾਗ ਨੇ 18 ਮਰੀਜ਼ ਕਰਵਾਏ ਰਿਹਾਅ

ਧੂਰੀ, 24 ਜੁਲਾਈ :-ਜ਼ਿਲਾ ਸੰਗਰੂਰ ਦੇ ਧੂਰੀ ਸ਼ਹਿਰ ਅੰਦਰ ਕਥਿਤ ਤੌਰ ’ਤੇ ਅਣ-ਅਧਿਕਾਰਿਤ ਤਰੀਕੇ ਨਾਲ ਚੱਲਦੇ ਇਕ ਨਸ਼ਾ ਛੁਡਾਊ ਕੇਂਦਰ ਨੂੰ ਸਿਹਤ ਵਿਭਾਗ ਅਤੇ ਪੁਲਸ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਸੀਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਲੰਘੇ ਦਿਨ ਸਥਾਨਕ ਵਿਸ਼ਵਕਰਮਾ ਮੰਦਰ ਦੇ ਨਜ਼ਦੀਕ ਰਜਬਾਹੇ ’ਤੇ ਪਿਛਲੇ ਲੰਬੇ ਸਮੇਂ ਤੋਂ ਕਥਿਤ ਤੌਰ ’ਤੇ ਨਾਜਾਇਜ਼ ਤਰੀਕੇ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦੇ ਖਿਲਾਫ ਕੱਲ ਬੁੱਧਵਾਰ ਨੂੰ ਨਾਇਬ ਤਹਿਸੀਲਦਾਰ ਮਨੀ ਮਹਾਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਮਾਨਸਿਕ ਰੋਗਾਂ ਦੇ ਮਾਹਿਰ ਇਸ਼ਾਨ ਪ੍ਰਕਾਸ਼, ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਅਤੇ ਥਾਣਾ ਸਿਟੀ ਧੂਰੀ ਦੇ ਮੁੱਖੀ ਜਸਵੀਰ ਸਿੰਘ ਤੂਰ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕੀਤੀ ਗਈ।

ਇਸ ਦੌਰਾਨ ਇਨ੍ਹਾਂ ਅਧਿਕਾਰੀਆਂ ਵੱਲੋਂ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰਦੇ ਹੋਏ ਉੱਥੇ ਦਾਖਲ 18 ਮਰੀਜ਼ਾਂ ਨੂੰ ਰਿਹਾਅ ਵੀ ਕਰਵਾਇਆ ਗਿਆ। ਇਸ ਮੌਕੇ ਕਾਰਵਾਈ ਕਰਨ ਆਏ ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੂੰ ਨਸ਼ਾ ਛੁਡਾਊ ਕੇਂਦਰ ’ਚ ਮਰੀਜ਼ਾਂ ਦੀ ਕੁੱਟਮਾਰ ਕਰਨ ਸਬੰਧੀ ਮਿਲੀਆਂ ਸ਼ਿਕਾਇਤ ਮਗਰੋਂ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਇਕ ਕਮੇਟੀ ਬਣਾਈ ਗਈ ਸੀ।
ਇਸ ਆਧਾਰ ’ਤੇ ਸਿਹਤ ਵਿਭਾਗ ਅਤੇ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਨਸ਼ਾ ਛੁਡਾਊ ਕੇਂਦਰ ’ਚ ਖਾਮੀਆਂ ਨੂੰ ਦੇਖਦੇ ਹੋਏ ਇਸ ਕੇਂਦਰ ਨੂੰ ਸੀਲ ਕਰ ਕੇ ਕੇਂਦਰ ’ਚ ਦਾਖਲ 18 ਮਰੀਜ਼ਾਂ ਨੂੰ ਰਿਹਾਅ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਕੁਝ ਮਰੀਜ਼ਾਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਅਤੇ ਬਾਕੀ 7 ਮਰੀਜ਼ਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਇਲਾਜ ਲਈ ਭੇਜਿਆ ਜਾ ਰਿਹਾ ਹੈ।

ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਤੂਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਗ੍ਰਿਫਤ ’ਚ ਫਸੇ ਆਪਣੇ ਬੱਚਿਆਂ ਨੂੰ ਕਿਸੇ ਵੀ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰਵਾਉਣ ਤੋਂ ਪਹਿਲਾਂ ਉਸ ਕੇਂਦਰ ਦੀ ਭਰੋਸੇ ਯੋਗਤਾ ਅਤੇ ਸਰਕਾਰ ਤੋਂ ਮਿਲੀ ਪ੍ਰਮਾਣਤਾ ਬਾਰੇ ਜ਼ਰੂਰ ਪਤਾ ਕਰਨ, ਤਾਂ ਕਿ ਬੱਚਿਆਂ ਦਾ ਸਹੀ ਇਲਾਜ ਹੋ ਸਕੇ।

Read More : ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ

Leave a Reply

Your email address will not be published. Required fields are marked *