ਫਾਜ਼ਿਲਕਾ, 25 ਨਵੰਬਰ : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਥਾਣਾ ਫਾਜ਼ਿਲਕਾ ਦੀ ਪੁਲਸ ਨੇ ਜ਼ਿਲਾ ਫਾਜ਼ਿਲਕਾ ਭਾਰਤ-ਪਾਕਿਸਤਾਨ ਸਰਹੱਦ ਨੇੜੇ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਦੋ ਜ਼ਿੰਦਾ ਹੈਂਡ ਗ੍ਰਨੇਡ, ਇਕ ਗਲੋਕ ਪਿਸਤੌਲ 9 ਐੱਮ. ਐੱਮ. ਅਤੇ ਪਿਸਤੌਲ ਦੀ ਮੈਗਜੀਨ ਜਿਸ ’ਚ ਦੋ ਜ਼ਿੰਦਾ ਰੌਂਦ ਸਨ ਫੜੇ ਹਨ।
ਥਾਣਾ ਪੁਲਸ ਵੱਲੋਂ ਦਰਜ ਐੱਫ. ਆਈ. ਆਰ. ਮੁਤਾਬਿਕ ਪੁਲਸ ਪਾਰਟੀ ਜਲਾਲਾਬਾਦ ਤੋਂ ਪਿੰਡ ਬਾਹਮਣੀ ਵਾਲਾ ਰੋਡ ਤੋਂ ਪਿੰਡ ਚੱਕ ਮੋਜ਼ਦੀਨ ਵਾਲਾ (ਸੂਰਘੂਰੀ) ਨੂੰ ਜਾਣ ਵਾਲੀ ਲਿੰਕ ਸੜਕ ’ਤੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਪਿੰਡ ਚੱਕ ਮੌਜ਼ਦੀਨ ਵਾਲਾ ਵੱਲੋਂ ਇਕ ਕਾਲੇ ਰੰਗ ਦਾ ਬਿਨਾਂ ਨੰਬਰਾ ਮੋਟਰਸਾਈਕਲ ਜਿਸ ’ਤੇ 2 ਨੌਜਵਾਨ ਆ ਰਹੇ ਸੀ।
ਜਦੋਂ ਪੁਲਸ ਨੇ ਉਨ੍ਹਾਂ ਨੂੰ ਚੈਕਿੰਗ ਕਰਨ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਲਾ ਰਹੇ ਵਿਅਕਤੀ ਨੇ ਇਕ ਦਮ ਬ੍ਰੇਕ ਲਗਾ ਕੇ ਮੋਟਰਸਾਈਕਲ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਬੰਦ ਹੋ ਗਿਆ। ਇਸ ’ਤੇ ਪੁਲਸ ਕਰਮਚਾਰੀਆਂ ਨੇ ਦੋਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਦਾ ਨਾਂ-ਪਤਾ ਪੁੱਛਿਆ ਤਾਂ ਮੋਟਰਸਾਈਕਲ ਚਲਾ ਰਹੇ ਵਿਅਕਤੀ ਨੇ ਆਪਣਾ ਨਾਂ ਵਿਕਰਮ ਸਿੰਘ ਵਾਸੀ ਢਾਣੀ ਪ੍ਰੇਮ ਸਿੰਘ ਚੱਕ ਬਲੋਚਾਂ ਵਾਲਾ ਥਾਣਾ ਵੈਰੋਕੇ ਜਲਾਲਾਬਾਦ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਂ ਪ੍ਰਭਜੋਤ ਸਿੰਘ ਵਾਸੀ ਪਿੰਡ ਚੱਕ ਬਜੀਦਾ ਥਾਣਾ ਸਦਰ ਜਲਾਲਾਬਾਦ ਦੱਸਿਆ।
ਪੁਲਸ ਨੇ ਜਦੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਵਿਕਰਮ ਸਿੰਘ ਅਤੇ ਪ੍ਰਭਜੋਤ ਦੇ ਵਿਚਕਾਰ ਰੱਖੇ ਕੱਪੜੇ ਦਾ ਇਕ ਲਿਫਾਫਾ ਅੰਦਰ ਇਕ ਹੋਰ ਕੇਸਰੀ ਰੰਗ ਦਾ ਲਿਫਾਫਾ ,ਜਿਸ ’ਤੇ ਅੰਗਰੇਜੀ ’ਚ ਮਾਸਟਰ ਟਾਈਮ ਪੌਲਿਸਟਰਜ਼ ਅਤੇ ਲਿਫਾਫੇ ਦੇ ਹੇਠਾਂ ਸੱਜੀ ਸਾਈਡ ’ਤੇ ਬੈੱਡਰੂਮ ਐਸਸਰੀ ਲਾਹੌਰ ਲਿਖਿਆ ਹੋਇਆ ਸੀ।
ਲਿਫਾਫੇ ਉਪਰ ਪੀਲੇ ਰੰਗ ਦੀ ਟੇਪ ਅਤੇ ਉਪਰ ਤਾਂਬੇ ਦੀ ਤਾਰ ਲਪੇਟੀ ਹੋਈ ਸੀ, ਜਿਸ ’ਚ ਗ੍ਰੇਅ ਰੰਗ ਦੇ ਦੋ ਜ਼ਿੰਦਾ ਹੈਂਡ ਗ੍ਰਨੇਡ ਬਰਾਮਦ ਹੋਏ। ਇਨ੍ਹਾਂ ਹੈਂਡ ਗ੍ਰਨੇਡਾਂ ਉਪਰ ਕਾਲੇ ਰੰਗ ਦੀ ਟੇਪ ਲਪੇਟੀ ਹੋਈ ਸੀ।
ਇਸ ਤੋਂ ਇਲਾਵਾ ਪੁਲਸ ਨੇ ਜਦੋਂ ਮੋਟਰਸਾਈਕਲ ਚਾਲਕ ਵਿਕਰਮ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਗਲੋਕ ਪਿਸਤੌਲ 9 ਐੱਮ. ਐੱਮ. ਬਰਾਮਦ ਹੋਈ। ਪਿਸਤੌਲ ਨੂੰ ਅਣਲੋਡ ਕਰਨ ’ਤੇ ਇਸ ਦੀ ਮੈਗਜ਼ੀਨ ’ਚੋਂ ਦੋ ਜ਼ਿੰਦਾ ਰੌਂਦ 9 ਐੱਮ. ਐੱਮ. ਵੀ ਬਰਾਮਦ ਹੋਏ। ਬਰਾਮਦ ਗਲੋਕ ਪਿਸਤੌਲ ਦੀ ਸਲਾਈਡ ਉਪਰ ਅੰਗਰੇਜ਼ੀ ’ਚ ਮੇਡ ਇੰਨ ਆਸਟਰੀਆ ਲਿਖਿਆ ਹੋਇਆ ਸੀ।
ਪੁਲਸ ਨੇ ਜਦੋਂ ਦੋਵੇਂ ਨੌਜਵਾਨਾਂ ਤੋਂ ਪਿਸਤੌਲ ਅਤੇ ਹੈਂਡ ਗ੍ਰਨੇਡ ਰੱਖਣ ਸਬੰਧੀ ਪੁੱਛਿਆ ਤਾਂ ਉਹ ਮੌਕੇ ’ਤੇ ਕੋਈ ਵੀ ਲਾਇਸੰਸ ਜਾਂ ਕਾਗਜਾਤ ਪੇਸ਼ ਨਹੀਂ ਕਰ ਸਕੇ। ਇਸ ’ਤੇ ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Read More : ਅਮਨ ਅਰੋੜਾ ਨੇ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦੇਸ਼ ਨੂੰ ਇੱਕਜੁੱਟ ਕਰਨ ਵਾਲੀ ਪ੍ਰੇਰਨਾ ਦੱਸਿਆ
