ਰਾਜਨੀਤਕ ਗਲਿਆਰਿਆਂ ’ਚ ਚਰਚਾ
ਲਗਾਤਾਰ 20 ਸਾਲਾਂ ਤੋਂ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਨਿਭਾ ਰਹੇ ਸਨ ਸੇਵਾਵਾਂ ; ਫੈਸਲੇ ਨਾਲ ਸਿਆਸੀ ਹਲਕਿਆਂ ’ਚ ਹੈਰਾਨੀ
ਬਰਨਾਲਾ, 4 ਅਕਤੂਬਰ : ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਪ੍ਰਸਿੱਧ ਉਦਯੋਗਪਤੀ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਦੋ ਅਹਿਮ ਅਹੁਦਿਆਂ ਤੋਂ ਅਚਾਨਕ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਅਤੇ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈ।
ਰਜਿੰਦਰ ਗੁਪਤਾ ਕਰੀਬ 20 ਸਾਲਾਂ ਤੋਂ ਲਗਾਤਾਰ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ, ਕਾਂਗਰਸ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਹਕੂਮਤ ਸਮੇਤ ਵੱਖ-ਵੱਖ ਸਰਕਾਰਾਂ ਦੌਰਾਨ ਇਸ ਅਹੁਦੇ ’ਤੇ ਕੰਮ ਕੀਤਾ। ਸੂਬੇ ਦੀਆਂ ਆਰਥਿਕ ਅਤੇ ਵਿਕਾਸ ਯੋਜਨਾਵਾਂ ’ਚ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਸੀ।
ਉਨ੍ਹਾਂ ਦਾ ਅਹੁਦੇ ਤੋਂ ਲਾਂਭੇ ਹੋਣਾ ਸੂਬੇ ਦੇ ਰਾਜਨੀਤਕ ਅਤੇ ਉਦਯੋਗਿਕ ਹਲਕਿਆਂ ਲਈ ਇਕ ਵੱਡੀ ਖ਼ਬਰ ਹੈ। ਰਜਿੰਦਰ ਗੁਪਤਾ ਦੇ ਇਸ ਅਚਾਨਕ ਅਸਤੀਫੇ ਨਾਲ ਰਾਜਨੀਤਿਕ ਗਲਿਆਰਿਆਂ ’ਚ ਕਾਫ਼ੀ ਚਰਚਾ ਸ਼ੁਰੂ ਹੋ ਗਈ ਹੈ। ਉਹ ਨਾ ਸਿਰਫ਼ ਇਕ ਵੱਡੇ ਉਦਯੋਗਪਤੀ ਵਜੋਂ ਜਾਣੇ ਜਾਂਦੇ ਸਨ, ਸਗੋਂ ਉਨ੍ਹਾਂ ਦੀ ਗਿਣਤੀ ਸਰਕਾਰ ਅਤੇ ਸੂਬੇ ਦੀ ਸਿਆਸਤ ਵਿਚ ਇਕ ਪ੍ਰਮੁੱਖ ਹਿੰਦੂ ਚਿਹਰੇ ਵਜੋਂ ਵੀ ਕੀਤੀ ਜਾਂਦੀ ਸੀ। ਉਨ੍ਹਾਂ ਦੇ ਅਸਤੀਫੇ ਦੇ ਕਾਰਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਅਟਕਲਬਾਜ਼ੀਆਂ ਲਗਾਈਆਂ ਜਾ ਰਹੀਆਂ ਹਨ।
ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਜੋਂ ਵੀ ਉਨ੍ਹਾਂ ਦਾ ਅਸਤੀਫ਼ਾ ਧਾਰਮਿਕ ਪ੍ਰਬੰਧਨ ਲਈ ਇਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਵਜੋਂ ਉਨ੍ਹਾਂ ਨੇ ਬਰਨਾਲਾ ਨੂੰ ਵਿਸ਼ਵ ਪੱਧਰ ’ਤੇ ਉਦਯੋਗਿਕ ਪਛਾਣ ਦਿੱਤੀ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦਾ ਸਮਾਜਿਕ ਅਤੇ ਆਰਥਿਕ ਪ੍ਰਭਾਵ ਕਾਫੀ ਜ਼ਿਆਦਾ ਹੈ। ਉਨ੍ਹਾਂ ਦੇ ਅਸਤੀਫੇ ਦੇ ਫੈਸਲੇ ਨੂੰ ਭਵਿੱਖ ਦੀਆਂ ਕਾਰਵਾਈਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
Read More : ਨਸ਼ਾ ਸਮੱਗਲਰਾਂ ਵੱਲੋਂ ਕੀਤੀ ਗਈ ਨਾਜਾਇਜ਼ ਉਸਾਰੀ ਢਾਹੀ
