ਸਿਡਨੀ/ਰਾਜਪੁਰਾ, 2 ਫਰਵਰੀ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਾਣੀ ਵਿੱਚ ਡੁੱਬਣ ਕਾਰਨ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਚਿਨ ਖਿੱਲਾਂ ਵਾਸੀ ਰਾਜਪੁਰਾ (ਪੰਜਾਬ) ਅਤੇ ਸਾਹਿਲ ਬੱਤਰਾ (ਹਰਿਆਣਾ) ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਚਿਨ ਖਿੱਲਾਂ ਸਾਲ 2019 ਵਿੱਚ ਸੁਨੇਹਰੀ ਭਵਿੱਖ ਦੀ ਭਾਲ ਵਿੱਚ ਆਸਟ੍ਰੇਲੀਆ ਗਿਆ ਸੀ। ਬੀਤੀ 25 ਜਨਵਰੀ ਨੂੰ ਸਚਿਨ ਆਪਣੇ ਬਚਪਨ ਦੇ ਦੋਸਤ ਸਾਹਿਲ ਬੱਤਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸਿਡਨੀ ਦੇ ਨਜ਼ਦੀਕ ਇੱਕ ਪਿਕਨਿਕ ਸਪਾਟ ‘ਤੇ ਘੁੰਮਣ ਗਿਆ ਸੀ। ਮਨੋਰੰਜਨ ਦੌਰਾਨ ਜਦੋਂ ਦੋਵੇਂ ਦੋਸਤ ਪਾਣੀ ਵਿੱਚ ਉਤਰੇ, ਤਾਂ ਅਚਾਨਕ ਗਹਿਰਾਈ ਵਿੱਚ ਜਾਣ ਕਾਰਨ ਦੋਵੇਂ ਡੁੱਬ ਗਏ।
ਹਾਲਾਂਕਿ ਬਚਾਅ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਸੀ ਪਰ ਅਫ਼ਸੋਸ ਕਿ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਵਿਆਹ ਦੀਆਂ ਤਿਆਰੀਆਂ ਵਾਲੇ ਘਰ ਵਿਛੇ ਸੱਥਰ
ਇਸ ਹਾਦਸੇ ਨੇ ਦੋਵਾਂ ਪਰਿਵਾਰਾਂ ਨੂੰ ਡੂੰਘਾ ਸਦਮਾ ਦਿੱਤਾ ਹੈ। ਸਚਿਨ ਦੇ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੰਗਣੀ ਹੋ ਚੁੱਕੀ ਸੀ ਅਤੇ ਉਸ ਨੇ ਇਸੇ ਫਰਵਰੀ ਮਹੀਨੇ ਵਿਆਹ ਕਰਵਾਉਣ ਲਈ ਪੰਜਾਬ ਆਉਣਾ ਸੀ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਹੁਣ ਖੁਸ਼ੀਆਂ ਵਾਲੇ ਘਰ ਵਿੱਚ ਮਾਤਮ ਪਸਰ ਗਿਆ ਹੈ।
ਸਚਿਨ ਖਿੱਲਾਂ ਦੀ ਮ੍ਰਿਤਕ ਦੇਹ ਆਉਣ ਵਾਲੇ ਬੁੱਧਵਾਰ ਨੂੰ ਪੰਜਾਬ ਪਹੁੰਚ ਰਹੀ ਹੈ, ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
Read More : ਅੰਡਰ-19 ਵਿਸ਼ਵ ਕੱਪ : ਭਾਰਤ ਸੈਮੀਫਾਈਨਲ ਵਿਚ
