ਘਰਾਂ ਦੀਆਂ ਛੱਤਾਂ ‘ਤੇ ਰਹਿਣ ਲਈ ਮਜ਼ਬੂਰ ਹੋਏ ਲੋਕ
ਫਾਜ਼ਿਲਕਾ , 18 ਅਗਸਤ : ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਸਤਲੁਜ ਦਾ ਪਾਣੀ ਕਿਨਾਰਿਆਂ ਤੋਂ ਓਵਰਫਲੋਅ ਹੋ ਰਿਹਾ ਹੈ ਅਤੇ ਹੁਣ ਸਰਹੱਦੀ ਢਾਣੀਆਂ ਵੱਲ ਤੇਜ਼ੀ ਨਾਲ ਫੈਲ ਰਿਹਾ ਹੈ।
ਇਸ ਵੇਲੇ ਜ਼ਿਲਾ ਫਾਜ਼ਿਲਕਾ ਦੇ 5 ਪਿੰਡਾਂ ਵਿਚ ਲਗਭਗ 6400 ਏਕੜ ਜ਼ਮੀਨ ਪੂਰੀ ਤਰ੍ਹਾਂ ਡੁੱਬ ਗਈ ਹੈ, ਜਿਸ ਕਾਰਨ ਨੂਰਸ਼ਾਹ, ਆਟਵਾਲਾ ਅਤੇ ਢਾਣੀ ਸੱਦਾ ਸਿੰਘ ਵਿਚ ਸੜਕਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ ਅਤੇ ਹੁਣ ਆਵਾਜਾਈ ਦਾ ਇੱਕੋ-ਇਕ ਸਾਧਨ ਕਿਸ਼ਤੀਆਂ ਰਾਹੀਂ ਹੈ।
ਸਥਿਤੀ ਨੂੰ ਵੇਖਦਿਆਂ ਪਿੰਡ ਵਾਸੀਆਂ ਨੇ ਪਹਿਲਾਂ ਹੀ ਆਪਣਾ ਕੀਮਤੀ ਸਮਾਨ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰ ਲਿਆ ਹੈ। ਬਹੁਤ ਸਾਰੇ ਪਰਿਵਾਰਾਂ ਨੇ ਆਪਣਾ ਸਮਾਨ ਆਪਣੇ ਘਰਾਂ ਦੀਆਂ ਛੱਤਾਂ ‘ਤੇ ਰੱਖ ਦਿੱਤਾ ਹੈ ਅਤੇ ਇਕ ਮਹੀਨੇ ਲਈ ਰਾਸ਼ਨ ਸਟੋਰ ਕਰਨ ਤੋਂ ਬਾਅਦ ਆਪਣੇ ਘਰਾਂ ਵਿਚ ਰਹਿ ਰਹੇ ਹਨ। ਇਸ ਵੇਲੇ ਤਿੰਨ ਢਾਣੀਆਂ ਵਿੱਚ ਸਥਿਤੀ ਸਭ ਤੋਂ ਮਾੜੀ ਹੈ। ਜਾਣਕਾਰੀ ਅਨੁਸਾਰ ਕਾਨਵਾਲੀ ਪੱਤਣ, ਤੇਜਾ ਰੁਹੇਲਾ, ਝੰਗਰਭੈਣੀ, ਦੋਨਾ ਨਾਨਕਾ ਅਤੇ ਗੁਲਾਬਾ ਪਿੰਡਾਂ ਵਿਚ ਮਾੜੀ ਸਥਿਤੀ ਹੈ।
ਸਥਿਤੀ ‘ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ -ਤਹਿਸੀਲਦਾਰ
ਤਹਿਸੀਲਦਾਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਕੱਲ੍ਹ ਤੱਕ ਹੁਸੈਨੀਵਾਲਾ ਤੋਂ 79 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਜਿਸ ਵਿੱਚੋਂ 18 ਹਜ਼ਾਰ ਕਿਊਸਿਕ ਪਾਣੀ ਘੱਟ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਇਸ ਦਾ ਪ੍ਰਭਾਵ ਦਿਖਾਈ ਦੇਵੇਗਾ ਅਤੇ ਪਾਣੀ ਘੱਟ ਜਾਵੇਗਾ। ਉਨ੍ਹਾਂ ਕਿਹਾ ਕਿ ਸਥਿਤੀ ‘ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਇਸ ਲਈ ਇੱਕ ਕੰਟਰੋਲ ਰੂਮ (01638-262153) ਸਥਾਪਤ ਕੀਤਾ ਗਿਆ ਹੈ। ਨਾਲ ਹੀ ਮਾਰਕੀਟ ਕਮੇਟੀ ਰਾਹੀਂ ਪਿੰਡਾਂ ਵਿਚ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।
Read More : ਬੀਜੇਪੀ ਨੇ ਰਾਜਪੁਰਾ ’ਚ ‘ਕਿਸਾਨ ਮਜ਼ਦੂਰ ਫਤਿਹ ਰੈਲੀ’ ਕੀਤੀ