ਆਯਾਤ ਕੀਤੇ ਸੇਬਾਂ ਵਿਚ 85 ਫੀਸਦੀ ਤੱਕ ਪੌਸ਼ਟਿਕ ਤੱਤ ਹੁੰਦੇ ਹਨ ਖ਼ਤਮ, ਦੇਸੀ ਸੇਬ ਹੀ ਸਿਹਤ ਲਈ ਬਿਹਤਰ : ਸਪੀਕਰ
ਚੰਡੀਗੜ੍ਹ, 19 ਫਰਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਅਮਰੀਕਾ ਨਾਲ ਹੋਣ ਵਾਲੇ ਵਪਾਰ ਸਮਝੌਤੇ ‘ਤੇ ਮੁੜ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਮਾਹਰਾਂ ਦੀ ਰਾਏ ਅਨੁਸਾਰ ਅਜਿਹੇ ਸਮਝੌਤਿਆਂ ਨਾਲ ਸਥਾਨਕ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਵੇਗਾ।
ਸਪੀਕਰ ਸੰਧਵਾਂ ਨੇ ਅਪੋਲੋ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਸਲਾਹ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਵਿਦੇਸ਼ਾਂ ਤੋਂ ਆਯਾਤ ਕੀਤੇ ਜਾਣ ਵਾਲੇ ਸੇਬ ਭਾਰਤੀ ਸੇਬਾਂ (ਕਸ਼ਮੀਰੀ ਜਾਂ ਹਿਮਾਚਲੀ) ਦੇ ਮੁਕਾਬਲੇ ਬਹੁਤ ਘੱਟ ਪੌਸ਼ਟਿਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਦੀ ਸਟੋਰੇਜ ਅਤੇ ਦੂਰੋਂ ਆਵਾਜਾਈ ਕਾਰਨ ਇਨ੍ਹਾਂ ਸੇਬਾਂ ਵਿੱਚੋਂ 40 ਤੋਂ 85 ਫੀਸਦੀ ਤੱਕ ਪੌਸ਼ਟਿਕ ਤੱਤ, ਖਾਸ ਕਰਕੇ ਵਿਟਾਮਿਨ-ਸੀ (Vitamin-C), ਖ਼ਤਮ ਹੋ ਜਾਂਦੇ ਹਨ। ਭਾਵੇਂ ਇਹ ਸੇਬ ਦੇਖਣ ਵਿੱਚ ਚਮਕਦਾਰ ਲੱਗਦੇ ਹਨ, ਪਰ ਗੁਣਵੱਤਾ ਪੱਖੋਂ ਇਹ ਦੇਸੀ ਸੇਬਾਂ ਦੇ ਮੁਕਾਬਲੇ ਬਹੁਤ ਪਿੱਛੇ ਹਨ।
ਸੰਧਵਾਂ ਨੇ ਕੇਂਦਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਕਸ਼ਮੀਰੀ ਅਤੇ ਹਿਮਾਚਲੀ ਸੇਬ ਘੱਟ ਕੀਮਤ ‘ਤੇ ਵੱਧ ਸਿਹਤ ਲਾਭ ਪ੍ਰਦਾਨ ਕਰਦੇ ਹਨ, ਤਾਂ ਵਿਦੇਸ਼ੀ ਫਲਾਂ ਨੂੰ ਉਤਸ਼ਾਹਿਤ ਕਰਨਾ ਕਿਸਾਨਾਂ ਨਾਲ ਬੇਇਨਸਾਫ਼ੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਦੀ ਰਹੇਗੀ।
Read More : ਲਾਰੈਂਸ ਬਿਸ਼ਨੋਈ ਗੈਂਗ ਦੀ ਲੇਡੀ ਡੌਨ ‘ਮੈਡਮ ਜ਼ਹਰ’ ਗ੍ਰਿਫ਼ਤਾਰ
