ਵਾਰਦਾਤ ’ਚ ਵਰਤਿਆ ਨਾਜਾਇਜ਼ 32 ਬੋਰ ਪਿਸਟਲ ਅਤੇ ਗੱਡੀ ਵੀ ਬਰਾਮਦ
ਪਟਿਆਲਾ, 18 ਅਗਸਤ : ਅਜ਼ਾਦੀ ਦਿਹਾੜੇ ਦੀ ਰਾਤ ਨੂੰ ਸ਼ਹਿਰ ਦੇ ਭੁਪਿੰਦਰਾ ਰੋਡ ਸਥਿਤ ਸਟਰੀਟ ਕਲੱਬ ਵਿਚ ਬਾਊਂਸਰ ਨੂੰ ਗੋਲੀ ਮਾਰਨ ਦੀ ਵਾਰਦਾਤ ਨੂੰ 12 ਘੰਟਿਆਂ ’ਚ ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਵਾਰਦਾਤ ਨੂੰ ਟਰੇਸ ਕਰ ਲਿਆ ਗਿਆ ਹੈ।
ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਸਿਟੀ-1 ਸਤਨਾਮ ਸਿੰਘ ਅਤੇ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਗੁਰਚਰਨ ਸਿੰਘ ਉਰਫ ਗੁਰੀ ਪੁੱਤਰ ਬਿੰਦਰ ਸਿੰਘ ਵਾਸੀ ਫਰੈਂਡਜ਼ ਕਾਲੋਨੀ ਐੱਚ. ਪੀ. ਪੈਟਰੋਲ ਪੰਪ ਸਨੌਰ ਜ਼ਿਲਾ ਪਟਿਆਲਾ, ਗੁਰਤੇਜ ਸਿੰਘ ਉਰਫ ਗੈਰੀ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਪੋਧਨ ਤਹਿਸੀਲ ਨਾਭਾ ਜ਼ਿਲਾ ਪਟਿਆਲਾ ਅਤੇ ਮਨਸਤਵੀਰ ਸਿੰਘ ਧਾਲੀਵਾਲ ਵਾਸੀ ਰਾਮਪੁਰਾ ਫੂਲ ਜ਼ਿਲਾ ਬਠਿੰਡਾ ਨੂੰ ਕਿ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਤੋਂ ਵਾਰਦਾਤ ਵਿਚ ਵਰਤਿਆ ਨਾਜਾਇਜ਼ 32 ਬੋਰ ਪਿਸਟਲ ਅਤੇ ਗੱਡੀ ਵੀ ਬਰਾਮਦ ਕਰ ਲਈ ਗਈ ਹੈ।
ਇਸ ਮਾਮਲੇ ’ਚ ਸਟਰੀਟ ਕਲੱਬ ਦੇ ਬਾਊਂਸਰ ਰਾਜਨ ਬਹਿਲ ਪੁੱਤਰ ਗੁਰਦੇਵ ਸਿੰਘ ਬਹਿਲ ਵਾਸੀ ਕੁਆਰਟਰ ਨੰਬਰ 44 ਐੱਚ. ਮਹਾਰਾਣੀ ਕੱਲਬ ਛੋਟੀ ਬਾਰਾਦਰੀ ਪਟਿਆਲਾ ਹਾਲ ਕਿਰਾਏਦਾਰ ਪਾਣੀ ਵਾਲੀ ਟੈਂਕੀ ਨੇੜੇ ਸਰਕਾਰੀ ਡਿਸਪੈਸਰੀ ਤ੍ਰਿਪੜੀ ਟਾਊਨ ਪਟਿਆਲਾ ਦੇ ਬਿਆਨਾਂ ਦੇ ਅਾਧਾਰ ’ਤੇ ਉਕਤ ਵਿਅਕਤੀਆਂ ਖਿਲਾਫ 109, 3 (5) ਅਤੇ ਆਰਜ਼ਮ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਸੀ।
ਰਾਜਨ ਬਹਿਲ ਨੇ ਪੁਲਸ ਨੂੰ ਦੱਸਿਆ ਕਿ ਉਕਤ ਵਿਅਕਤੀ ਕਲੱਬ ਵਿਚ ਆਏ ਤਾਂ ਸਾਢੇ 11 ਵਜੇ ਕੱਲਬ ਬੰਦ ਕਰਨ ਦਾ ਸਮਾਂ ਹੋ ਗਿਆ ਅਤੇ ਉਹ ਹੋਰ ਗਾਣੇ ਲਾਉਣ ਦੀ ਜਿੱਦ ਕਰਨ ਲੱਗ ਪਏ। ਬਹਿਸ ਤੋਂ ਬਾਅਦ ਜਦੋਂ ਉਹ ਥੱਲੇ ਆਏ ਤਾਂ ਉਕਤ ਵਿਅਕਤੀਆਂ ਨੇ ਰਾਜਨ ਬਹਿਲ ’ਤੇ ਗੋਲੀ ਚਲਾ ਦਿੱਤੀ। ਜਿਹੜੀ ਇਕ ਗੋਲੀ ਰਾਜਨ ਦੀ ਬਾਂਹ ’ਚ ਲੱਗੀ ਅਤੇ ਦੂਜੀ ਪੇਟ ਨੂੰ ਛੁੰੂਹਦੀ ਹੋਈ ਲੰਘ ਗਈ ਅਤੇ ਰਾਜਨ ਬਹਿਲ ਨੇ ਅੰਦਰ ਭੱਜ ਕੇ ਆਪਣੀ ਜਾਨ ਬਚਾਈ। ਉਸ ਨੂੰ ਜ਼ਖਮੀ ਹਾਲਤ ’ਚ ਸਰਕਾਰੀ ਰਾਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਅਾ।
ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਟੈਕਨੀਕਲ ਤਰੀਕੇ ਨਾਲ ਜਾਂਚ ਕਰਦਿਆਂ ਉਕਤ ਵਿਅਕਤੀਆਂ ਨੂੰ ਇਸ ਕੇਸ ’ਚ ਨਾਮਜ਼ਦ ਕਰ ਕੇ ਗ੍ਰਿਫਾਤਰ ਕਰ ਲਿਆ ਅਤੇ ਉਨ੍ਹਾਂ 32 ਬੋਰ ਦਾ ਨਾਜਾਇਜ਼ ਪਿਸਟਲ ਅਤੇ ਥਾਰ ਗੱਡੀ ਵੀ ਬਰਾਮਦ ਕਰ ਲਈ। ਐੱਸ. ਐੱਸ. ਪੀ. ਨੇ ਕਿਹਾ ਕਿ ਉਹ ਸ਼ਹਿਰ ’ਚ ਕ੍ਰਾਈਮ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।
Read More : ਦੀਪਕ ਬਾਲੀ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋਏ