ਗੁਰਦਾਸਪੁਰ, 19 ਜਨਵਰੀ : ਪੰਜਾਬ ਵਿਜੀਲੈਂਸ ਬਿਊਰੋ ਦੀ ਰੇਂਜ ਅੰਮ੍ਰਿਤਸਰ ਅਧੀਨ ਯੂਨਿਟ ਗੁਰਦਾਸਪੁਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਜ਼ਿਲਾ ਟਾਊਨ ਪਲੈਨਰ ਗੁਰਦਾਸਪੁਰ ਰਿਤਿਕਾ ਅਰੋੜਾ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ, ਰੇਂਜ ਅੰਮ੍ਰਿਤਸਰ ’ਚ ਕੇਸ ਐੱਫ਼. ਆਈ. ਆਰ. ਨੰਬਰ 02 ਮਿਤੀ 19-01-2026 ਅਧੀਨ ਧਾਰਾ 7 ਪ੍ਰੀਵੈਂਸ਼ਨ ਆਫ਼ ਕਰਪਸ਼ਨ ਐਕਟ 1988 (ਸੰਸ਼ੋਧਿਤ 2018) ਤਹਿਤ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਗੁਰਜੀਤ ਸਿੰਘ ਪੁੱਤਰ ਮੰਨਾ ਸਿੰਘ ਵਾਸੀ ਪਿੰਡ ਲਹਿਲ, ਜ਼ਿਲਾ ਗੁਰਦਾਸਪੁਰ ਨੇ ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਨੇ ਪਿੰਡ ਲਹਿਲ ’ਚ 7 ਕਨਾਲ 17.5 ਮਰਲੇ ਜ਼ਮੀਨ ਖਰੀਦੀ ਸੀ ਅਤੇ ਉਸ ’ਤੇ ਪਲਾਟ ਤਿਆਰ ਕਰ ਕੇ ਰਜਿਸਟ੍ਰੇਸ਼ਨ ਲਈ ਜ਼ਿਲਾ ਟਾਊਨ ਪਲੈਨਰ ਦਫ਼ਤਰ ’ਚ ਅਰਜ਼ੀ ਦਿੱਤੀ ਸੀ।
ਦੋਸ਼ ਹੈ ਕਿ ਇਸ ਮਾਮਲੇ ’ਚ ਰਿਤਿਕਾ ਅਰੋੜਾ ਵੱਲੋਂ ਫਾਈਲ ਬਿਨਾਂ ਕਿਸੇ ਵਾਜਿਬ ਕਾਰਨ ਦੇ ਲੰਬਿਤ ਰੱਖੀ ਗਈ ਅਤੇ ਬਾਅਦ ’ਚ ਪਲਾਟ ਮਨਜ਼ੂਰ ਕਰਨ ਦੇ ਬਦਲੇ ਪ੍ਰਤੀ ਪਲਾਟ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ।
ਸ਼ਿਕਾਇਤਕਰਤਾ ਵੱਲੋਂ ਰਿਸ਼ਵਤ ਦੇਣ ਤੋਂ ਇਨਕਾਰ ਕਰਦੇ ਹੋਏ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਨਾਲ ਸੰਪਰਕ ਕੀਤਾ ਗਿਆ। ਵਿਜੀਲੈਂਸ ਬਿਊਰੋ ਨੇ ਯੋਜਨਾਬੱਧ ਤਰੀਕੇ ਨਾਲ ਜਾਲ ਬਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਦੋਸ਼ੀ ਅਧਿਕਾਰੀ ਰਿਤਿਕਾ ਅਰੋੜਾ ਨੂੰ ਉਸਦੇ ਦਫ਼ਤਰ ’ਚ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ।
ਕਾਰਵਾਈ ਦੌਰਾਨ 1 ਲੱਖ ਰੁਪਏ ਦੀ ਰਿਸ਼ਵਤੀ ਰਕਮ ਬਰਾਮਦ ਕੀਤੀ ਗਈ ਹੈ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਦੋਸ਼ੀ ਨੂੰ ਕੱਲ੍ਹ ਸਮਰੱਥ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।
Read More : ਪ੍ਰੋਜੈਕਟ ਜੀਵਨਜਯੋਤ 2.0 ਤਹਿਤ 1,023 ਬੱਚਿਆਂ ਨੂੰ ਬਾਲ ਭੀਖ ਮੰਗਣ ਤੋਂ ਬਚਾਇਆ : ਡਾ. ਬਲਜੀਤ ਕੌਰ
