ਪੁਲਿਸ ਅਤੇ ਬੰਬ ਸਕੁਐਡ ਨੇ ਸਕੂਲਾਂ ’ਚ ਡੂੰਘਾਈ ਨਾਲ ਕੀਤੀ ਜਾਂਚ
ਸ਼ਿਮਲਾ, 23 ਜੁਲਾਈ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਤਿੰਨ ਨਾਮਵਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਸਕੂਲ ਪ੍ਰਬੰਧਨ ਨੂੰ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੁਲਿਸ ਅਤੇ ਬੰਬ ਸਕੁਐਡ ਨੇ ਸਕੂਲਾਂ ’ਚ ਡੂੰਘਾਈ ਨਾਲ ਜਾਂਚ ਕੀਤੀ ਪਰ ਕੁਝ ਵੀ ਨਹੀਂ ਮਿਲਿਆ ਹੈ।
ਹਾਲਾਂਕਿ ਚੈਕਿੰਗ ਦੌਰਾਨ ਈਮੇਲ ਵਿਚ ਦਿੱਤੀ ਗਈ ਧਮਕੀ ਵਿਚ ਕੋਈ ਸੱਚਾਈ ਨਹੀਂ ਮਿਲੀ। ਸਾਵਧਾਨੀ ਵਜੋਂ ਪਹਿਲਾਂ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਕਲਾਸ ਰੂਮਾਂ ਦੀ ਜਾਂਚ ਕਰਨ ਤੋਂ ਬਾਅਦ ਬੱਚਿਆਂ ਨੂੰ ਵਾਪਸ ਭੇਜ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਧਾਲੀ ਇਲਾਕੇ ਦੇ ਇਕ ਸਕੂਲ ਨੂੰ ਧਮਕੀ ਭਰੀ ਈਮੇਲ ਭੇਜੇ ਜਾਣ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੇ ਪੂਰੇ ਸਕੂਲ ਕੈਂਪਸ ਦੀ ਤਲਾਸ਼ੀ ਲਈ। ਸੰਜੌਲੀ ਅਤੇ ਸ਼ਿਮਲਾ ਕਾਰਟ ਰੋਡ ’ਤੇ ਸਥਿਤ ਦੋ ਨਾਮਵਰ ਸਕੂਲਾਂ ਨੂੰ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ। ਸੂਚਨਾ ਮਿਲਦੇ ਹੀ ਬੰਬ ਨਿਰੋਧਕ ਟੀਮ ਮੌਕੇ ’ਤੇ ਪਹੁੰਚ ਗਈ। ਸਕੂਲ ਨੂੰ ਈਮੇਲ ਰਾਹੀਂ ਇਹ ਧਮਕੀ ਮਿਲੀ ਪਰ ਪੁਲਿਸ ਨੂੰ ਕੁਝ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਸਕੂਲਾਂ ਤੋਂ ਪਹਿਲਾਂ ਹਿਮਾਚਲ ਹਾਈ ਕੋਰਟ, ਮੁੱਖ ਸਕੱਤਰ ਦਫ਼ਤਰ, 8 ਜ਼ਿਲਿਆਂ ਦੇ ਡੀ. ਸੀ. ਦਫ਼ਤਰਾਂ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ ਪਰ ਜਾਂਚ ’ਚ ਕੁਝ ਵੀ ਨਹੀਂ ਮਿਲਿਆ। ਹਾਈ ਕੋਰਟ ਨੂੰ ਇਹ ਧਮਕੀ ਤਿੰਨ ਵਾਰ ਮਿਲੀ ਹੈ, ਮੁੱਖ ਸਕੱਤਰ ਦਫ਼ਤਰ ਨੂੰ ਦੋ ਵਾਰ।
