Shots fire

ਤਿੰਨ ਹਮਲਾਵਰਾਂ ਨੇ ਕਲੀਨਿਕ ’ਚ ਚਲਾਈਆਂ ਗੋਲੀਆਂ

ਡਾਕਟਰ ਅਤੇ ਕਲੀਨਿਕ ’ਚ ਕੰਮ ਕਰਨ ਵਾਲਾ ਇਕ ਨੌਜਵਾਨ ਜ਼ਖਮੀ

ਫਿਰੋਜ਼ਪੁਰ, 31 ਜੁਲਾਈ : ਦੇਰ ਰਾਤ ਫਿਰੋਜ਼ਪੁਰ ਸ਼ਹਿਰ ਦੇ ਮੱਲਵਾਲ ਰੋਡ ’ਤੇ ਸਥਿਤ ਇਕ ਡਾਕਟਰ ਦੇ ਕਲੀਨਿਕ ’ਚ ਤਿੰਨ ਨਕਾਬਪੋਸ਼ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਅਤੇ ਗੋਲੀਆਂ ਲੱਗਣ ਕਾਰਨ ਡਾਕਟਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਫਿਰੋਜ਼ਪੁਰ ਸ਼ਹਿਰ ਦੇ ਅਨਿਲ ਬਾਗੀ ਸੁਪਰਸਪੈਸ਼ਲਿਟੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਹਮਲੇ ਦੌਰਾਨ ਡਾਕਟਰ ਦੇ ਕਲੀਨਿਕ ’ਚ ਕੰਮ ਕਰਨ ਵਾਲਾ ਇਕ ਨੌਜਵਾਨ ਵੀ ਜ਼ਖਮੀ ਹੋ ਗਿਆ ਹੈ।

ਇਸ ਹਮਲੇ ਦੌਰਾਨ ਜ਼ਖਮੀ ਹੋਏ ਇਸ ਨੌਜਵਾਨ ਨੇ ਦੱਸਿਆ ਕਿ ਤਿੰਨ ਨਕਾਬਪੋਸ਼ ਹਥਿਆਰਬੰਦ ਵਿਅਕਤੀ ਡਾਕਟਰ ਉਪਿੰਦਰਜੀਤ ਦੇ ਕਲੀਨਿਕ ’ਚ ਆਏ ਅਤੇ ਆਉਂਦੇ ਹੀ ਡਾਕਟਰ ਨਾਲ ਲੜਾਈ-ਝਗੜਾ ਕਰਨ ਲੱਗੇ ਅਤੇ ਕੁਝ ਹੀ ਦੇਰ ’ਚ ਉਨ੍ਹਾਂ ਨੇ ਡਾਕਟਰ ਉਪਿੰਦਰਜੀਤ ’ਤੇ ਗੋਲੀ ਚਲਾ ਦਿੱਤੀ ਅਤੇ ਇਕ ਗੋਲੀ ਡਾ. ਰੁਪਿੰਦਰਜੀਤ ਨੂੰ ਲੱਗ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਰੌਲਾ ਪੈਣ ’ਤੇ ਇਹ ਤਿੰਨੋਂ ਹਮਲਾਵਰ ਬਾਹਰ ਖੜ੍ਹੇ ਆਪਣੇ ਇਕ ਸਾਥੀ ਨਾਲ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿੰਦਰ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਡੀ. ਐੱਸ. ਪੀ. ਸਿਟੀ ਫਿਰੋਜ਼ਪੁਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚ ਗਈ ਅਤੇ ਪੁਲਸ ਵੱਲੋਂ ਹਮਲਾਵਰਾਂ ਨੂੰ ਫੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮੌਕੇ ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੱਲਵਾਲ ਰੋਡ ’ਤੇ ਮਾਰਕਫੈੱਡ ਦੇ ਗੋਦਾਮ ਦੇ ਨੇੜੇ ਬੀ. ਏ. ਐੱਮ. ਐੱਸ. ਡਾ. ਉਪਿੰਦਰਜੀਤ ਦਾ ਕਲੀਨਿਕ ਹੈ, ਜਿਥੇ ਹਮਲਾਵਰਾਂ ਨੇ ਆ ਕੇ ਡਾ. ਉਪਿੰਦਰਜੀਤ ’ਤੇ ਗੋਲੀਆਂ ਚਲਾਈਆਂ ਤੇ ਗੋਲੀ ਲੱਗਣ ਕਾਰਨ ਡਾਕਟਰ ਜ਼ਖਮੀ ਹੋ ਗਿਆ ਅਤੇ ਡਾਕਟਰ ਦੇ ਕਲੀਨਿਕ ’ਚ ਕੰਮ ਕਰਨ ਵਾਲੇ ਇਕ ਨੌਜਵਾਨ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ।

ਉਨ੍ਹਾਂ ਦੱਸਿਆ ਕਿ ਹਮਲਾਵਰ ਕੌਣ ਸਨ ਅਤੇ ਉਨ੍ਹਾਂ ਨੇ ਡਾਕਟਰ ’ਤੇ ਗੋਲੀਆਂ ਕਿਉਂ ਚਲਾਈਆਂ? ਇਸ ਸਬੰਧੀ ਪਤਾ ਲਾਉਣ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਬਹੁਤ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਟੀਮਾਂ ਬਣਾਈਆਂ ਗਈਆਂ ਹਨ। ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Read More : ਲੱਦਾਖ ‘ਚ ਫੌਜ ਦੇ 2 ਜਵਾਨ ਸ਼ਹੀਦ

Leave a Reply

Your email address will not be published. Required fields are marked *