bomb threats

ਸੰਸਦ ਅਤੇ ਦਿੱਲੀ ਦੇ 15 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਈ-ਮੇਲ ’ਚ ਲਿਖਿਆ– ‘ਦਿੱਲੀ ਖ਼ਾਲਿਸਤਾਨ ਬਣ ਜਾਵੇਗੀ’; ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ

ਨਵੀਂ ਦਿੱਲੀ, 9 ਫਰਵਰੀ – ਰਾਸ਼ਟਰੀ ਰਾਜਧਾਨੀ ’ਚ ਸੰਸਦ ਅਤੇ 15 ਸਕੂਲਾਂ ’ਚ ਧਮਾਕੇ ਦੀ ਧਮਕੀ ਵਾਲੀ ਈ-ਮੇਲ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦਿਆਂ ਹੀ ਵੱਡੇ ਪੱਧਰ ’ਤੇ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਅਹਿਤਿਆਤ ਵਜੋਂ ਸਕੂਲਾਂ ਨੂੰ ਤੁਰੰਤ ਖ਼ਾਲੀ ਕਰਵਾਇਆ ਗਿਆ। ਧਮਕੀ ਭਰੀ ਈ-ਮੇਲ ’ਚ ਭੜਕਾਊ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਲਿਖਿਆ ਗਿਆ ਸੀ ਕਿ ‘ਦਿੱਲੀ ਖ਼ਾਲਿਸਤਾਨ ਬਣ ਜਾਵੇਗੀ’।

ਈ-ਮੇਲ ’ਚ ਵਿਸ਼ੇਸ਼ ਤੌਰ ’ਤੇ ਧਮਕੀ ਦਿੱਤੀ ਗਈ ਹੈ ਕਿ 13 ਫਰਵਰੀ ਨੂੰ ਦੁਪਹਿਰ ਇਕ ਵੱਜ ਕੇ 11 ਮਿੰਟ ’ਤੇ ਸੰਸਦ ਦੇ ਅੰਦਰ ਇਕ ਧਮਾਕਾ ਹੋਵੇਗਾ। ਇਸ ਗੰਭੀਰ ਚਿਤਾਵਨੀ ਦੇ ਮੱਦੇਨਜ਼ਰ ਸੁਰੱਖਿਆ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਸਾਰੀਆਂ ਏਜੰਸੀਆਂ ਵਿਚਾਲੇ ਤਾਲਮੇਲ ਮਜ਼ਬੂਤ ਕੀਤਾ ਗਿਆ ਹੈ।

ਦਿੱਲੀ ਫਾਇਰ ਬ੍ਰਿਗੇਡ (ਡੀ.ਐੱਫ.ਐੱਸ.) ਅਨੁਸਾਰ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸਥਿਤ ਕਈ ਵਿਦਿਅਕ ਅਦਾਰਿਆਂ ਨੂੰ ਸਵੇਰ ਵੇਲੇ ਐਮਰਜੈਂਸੀ ਕਾਲਾਂ ਪ੍ਰਾਪਤ ਹੋਈਆਂ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਤੁਰੰਤ ਮੌਕੇ ’ਤੇ ਰਵਾਨਾ ਕੀਤੇ ਗਏ।

ਸੀਨੀਅਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਈ-ਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਸਾਈਬਰ ਟੀਮ ਨੂੰ ਕੰਮ ’ਤੇ ਲਾਇਆ ਗਿਆ ਹੈ। ਰਾਜਧਾਨੀ ਦੇ ਸੰਵੇਦਨਸ਼ੀਲ ਸਥਾਨਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਮੁੜ ਸਮੀਖਿਆ ਕੀਤੀ ਗਈ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕਿਸੇ ਵੀ ਸਕੂਲ ਕੰਪਲੈਕਸ ਤੋਂ ਅਜੇ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ, ਪਰ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।

Read More : ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਉਣਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ : ਧਾਮੀ

Leave a Reply

Your email address will not be published. Required fields are marked *